ਪੰਜਾਬ ਮਾਚਿਸ ਫੈਕਟਰੀ ਗਰੋਥ ਸੈਂਟਰ ਬਠਿੰਡਾ ਦੇ ਮਾਲਕ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ-ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ
Sat 22 Dec, 2018 0ਬਠਿੰਡਾ : ਡਾ ਅਜੀਤਪਾਲ ਸਿੰਘ ਐਮ ਡੀ
ਬੀਤੇ ਦਿਨੀ ਬਠਿੰਡਾ ਮਾਨਸਾ ਰੋਡ ਤੇ ਸਥਿਤ ਇੰਡਸਟਰੀਅਲ ਗਰੋਥ ਸੈਂਟਰ ਚ ਇੱਕ ਬੰਦ ਪਈ ਮਾਚਿਸ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਉੱਤਰ ਪ੍ਰਦੇਸ਼ ਦੇ ਇੱਕ ਮਜ਼ਦੂਰ ਹਰੀ ਚੰਦ(20 ਸਾਲ) ਦੀ ਮੌਤ ਅਤੇ ਅਤੇ ਉਸ ਦੇ ਸਾਥੀ ਰਾਜ ਕੁਮਾਰ(32 ਸਾਲ) ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਘਟਨਾ ਦਾ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਨੇ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮਾਚਿਸ ਫੈਕਟਰੀ ਦੇ ਮਾਲਕ ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਜੀਤ ਰੋਡ ਗਲੀ ਨੰਬਰ 17 ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਵਿਸਫੋਟਿਕ ਸਮੱਗਰੀ ਤੇ ਗ਼ੈਰਕਾਨੂੰਨੀ ਭੰਡਾਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਢੁੱਕਵੀਂ ਸਜ਼ਾ ਦਿੱਤੇ ਜਾਣ ਅਤੇ ਪੀੜਤ ਮਜ਼ਦੂਰਾਂ ਨੂੰ "ਘਾਤਕ ਦੁਰਘਟਨਾ ਕਨੂੰਨ" ਤਹਿਤ ਬਣਦਾ ਮੁਆਵਜ਼ਾ ਦਿੱਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਹੈ।ਇਸ ਘਟਨਾ ਦੀ ਪੜਤਾਲ ਲਈ ਗਠਿਤ ਕੀਤੀ ਇੱਕ ਤੱਥ ਖੋਜ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ( ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸੂਬਾ ਕਮੇਟੀ ਮੈਂਬਰ ਐਡਵੋਕੇਟ ਐਨ ਕੇ ਜੀਤ,ਜਨਰਲ ਸਕੱਤਰ ਪ੍ਰਿਤਪਾਲ ਸਿੰਘ,ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਤੇ ਜ਼ਿਲ੍ਹਾ ਕਮੇਟੀ ਮੈਂਬਰ ਮੰਦਰ ਸਿੰਘ) ਨੇ ਘਟਨਾ ਸਥਲ (ਮਾਚਿਸ ਫੈਕਟਰੀ ਪਲਾਟ ਨੰਬਰ ਡੀ-23 ਸਨਅਤੀ ਗਰੋਥ ਸੈਂਟਰ ਮਾਨਸਾ ਰੋੜ ਬਠਿੰਡਾ) ਵਿਖੇ ਜਾ ਕੇ ਉੱਥੋਂ ਦੀਆਂ ਹਾਲਤਾਂ ਦਾ ਜਾਇਜ਼ਾ ਲਿਆ ਅਤੇ ਅਾਲੇ ਦੁਅਾਲੇ ਦੇ ਸਨਅਤੀ ਇਲਾਕੇ ਦੀਆਂ ਇਕਾਈਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਇਸ ਘਟਨਾ ਸਬੰਧੀ ਥਾਣਾ ਸਦਰ ਬਠਿੰਡਾ ਵਿੱਚ ਦਰਜ ਐੱਫ ਆਈ ਆਰ ਨੰਬਰ 193 ਮਿਤੀ 19.12.2018 ਦੀ ਨਕਲ ਅਤੇ ਹੋਰ ਦਸਤਾਵੇਜ਼ ਹਾਸਲ ਕਰਕੇ ਉਨ੍ਹਾਂ ਦੀ ਛਾਣਬੀਣ ਕੀਤੀ ਹੈ।ਸਭਾ ਵੱਲੋਂ ਜਾਰੀ ਪ੍ਰੈੱਸ ਬਿਆਨ ਦਾ ਵੇਰਵਾ ਦਿੰਦਿਆਂ ਸਭਾ ਦੇ ਆਗੂਅਾ ਨੇ ਕਿਹਾ ਕਿ ਸਨਅਤੀ ਗਰੋਥ ਸੈਂਟਰ ਬਠਿੰਡਾ ਵਿੱਚ ਚੱਲਦੀ ਇੱਕ ਗੈਰ ਕਾਨੂੰਨੀ ਮਾਚਿਸ ਫੈਕਟਰੀ ਅੰਦਰ ਭੰਡਾਰ ਕੀਤੀ ਧਮਾਕਾਖੇਜ਼ ਸਮੱਗਰੀ ਨੂੰ ਅੱਗ ਲੱਗ ਜਾਣ ਕਾਰਨ ਇੱਕ ਬਲਾਸਟ 19 ਦਸੰਬਰ 2018 ਸਵੇਰੇ ਕਰੀਬ 11-12 ਵਜੇ ਉਦੋ ਹੋਇਆ ਜਦੋਂ ਇਸ ਫੈਕਟਰੀ ਦੇ ਮਾਲਕ ਅਮਨਦੀਪ ਸਿੰਘ ਦੇ ਕਹਿਣ ਤੇ ਪਲਾਟ ਨੰਬਰ ਡੀ-23 ਵਿੱਚੋਂ ਸਫ਼ਾਈ ਕਰਕੇ ਕਬਾੜ ਦਾ ਸਾਮਾਨ ਚੁੱਕਣ ਲਈ ਹਰੀ ਚੰਦ ਤੇ ਰਾਜਕੁਮਾਰ ਅੰਦਰ ਗਏ ਅਤੇ ਹਰੀ ਚੰਦ ਇੱਕ ਬਾਲਟੀ ਵਿੱਚ ਪਏ ਕੈਮੀਕਲ ਨੂੰ ਚੁੱਕ ਕੇ ਸੁੱਟਣ ਲੱਗਿਆ ਜਿਸ ਦੇ ਸਿੱਟੇ ਵਜੋਂ ਵੀਹ ਸਾਲਾ ਯੂ ਪੀ ਦੇ ਪਰਵਾਸੀ ਮਜ਼ਦੂਰ ਹਰੀ ਚੰਦ ਦੀ ਮੌਤ ਹੋ ਗਈ ਤੇ ਰਾਜ ਕੁਮਾਰ 32 ਸਾਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਇਸ ਸਬੰਧੀ ਥਾਣਾ ਸਦਰ ਵਿਚ ਮਾਚਿਸ ਫੈਕਟਰੀ ਦੇ ਮਾਲਕ ਅਮਨਦੀਪ ਸਿੰਘ ਵਾਸੀ ਗਲੀ ਨੰਬਰ ਸਤਾਰਾਂ ਅਜੀਤ ਰੋਡ ਖਿਲਾਫ ਮੁਕੱਦਮਾ ਨੰਬਰ 193 ਧਾਰਾ 304-ਏ ਆਈਪੀਸੀ(ਅਣਗਹਿਲੀ ਕਾਰਨ ਹੋਈ ਮੌਤ) ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀ ਧਾਰਾ ਤਿੰਨ ਅਤੇ ਚਾਰ (ਵਿਸਫੋਟਿਕ ਪਦਾਰਥ ਕਾਰਨ ਮੌਤ ਹੋਣਾ ਜਾਂ ਜ਼ਖਮੀ ਹੋਣਾ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।ਜਮਹੂਰੀ ਅਧਿਕਾਰ ਸਭਾ ਦੀ ਟੀਮ ਵੱਲੋਂ ਜਾਣਕਾਰੀ ਇਕੱਤਰ ਕਰਦੇ ਸਮੇਂ ਇਹ ਗੱਲ ਵਿਸ਼ੇਸ਼ ਤੌਰ ਤੇ ਨੋਟ ਕੀਤੀ ਗਈ ਕਿ ਚਾਹੇ ਮੁੱਖ ਮੰਤਰੀ ਪੰਜਾਬ ਵੱਲੋਂ ਤੁਰੰਤ ਇਸ ਘਟਨਾ ਦੀ ਪੜਤਾਲ ਕਰਨ ਅਤੇ ਪੀੜਤਾਂ ਨੂੰ ਮੁਅਾਵਜ਼ਾ ਦੇਣ ਲਈ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਸਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਪੜਤਾਲ ਦੀ ਆੜ ਚ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਪਦੀ ਹੈ।ਇੱਥੇ ਇਹ ਗੱਲ ਵਰਣਨਯੋਗ ਹੈ ਕਿ ਚਾਹੇ ਦੋਸ਼ੀ ਦੇ ਖ਼ਿਲਾਫ਼ ਨਾ- ਜ਼ਮਾਨਤਯੋਗ(ਨਾਨ-ਬੇਲੇਏਬਲ) ਅਤੇ ਉਮਰ ਕੈਦ ਦੀ ਸਜ਼ਾ ਵਾਲੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇੰਨਾ ਧਾਰਾਵਾਂ ਤਹਿਤ ਮੁਜਰਮ ਧਿਰ ਪੀੜਤ ਦੇ ਨਾਲ ਸਮਝੌਤਾ ਕਰਕੇ ਕੇਸ ਖਤਮ ਨਹੀਂ ਕਰਵਾ ਸਕਦੀ। ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਅਜੇ ਤੱਕ ਮੁਜ਼ਰਮ ਨੂੰ ਗ੍ਰਿਫਤਾਰ ਨਹੀਂ ਕੀਤਾ ਸਗੋਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਮੁਕੱਦਮੇ ਦੇ ਮੁਜ਼ਰਮ ਅਤੇ ਪੀੜਤ ਧਿਰ ਨੂੰ ਇੱਕਠਿਅਾ ਬਿਠਾ ਮਾਮਲਾ ਰਫਾ ਦਫਾ ਕਰਵਾਇਆ ਜਾ ਰਿਹਾ ਹੈ।ਟੀਮ ਵੱਲੋਂ ਨੋਟ ਕੀਤਾ ਇੱਕ ਹੋਰ ਤੱਥ ਇੱਥੇ ਵਰਣਨ ਯੋਗ ਹੈ ਕਿ ਜਿਸ ਜਗ੍ਹਾ ਤੇ ਧਮਾਕਾ ਖੇਜ ਸਮੱਗਰੀ ਰੱਖੀ ਗਈ ਸੀ ਉਸ ਦੇ ਨੇੜੇ 150 ਦੇ ਕਰੀਬ ਹੋਰ ਫੈਕਟਰੀਆਂ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਦੇ ਹਨ। ਇਸ ਤਰ੍ਹਾਂ ਵਿਸਫੋਟਕ ਪਦਾਰਥ ਦੇ ਗੈਰ ਕਾਨੂੰਨੀ ਭੰਡਾਰਨ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਦੇ ਮੂੰਹ ਪਈਆਂ ਹੋਈਆਂ ਸਨ। ਇਸ ਸਭ ਕਾਸੇ ਲਈ ਜਿੱਥੇ ਫੈਕਟਰੀ ਮਾਲਕ ਜ਼ੁੰਮੇਵਾਰ ਹੈ ਉਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਘੱਟ ਨਹੀਂ ਕਿਉਂਕਿ ਉਸ ਨੇ ਵਿਸਫੋਟਕ ਪਦਾਰਥ ਭੰਡਾਰਨ ਦੇ ਸਬੰਧ ਵਿੱਚ ਨਿਗਰਾਨੀ ਦੇ ਨਿਯਮਾਂ ਦਾ ਬਿਲਕੁਲ ਹੀ ਪਾਲਣ ਨਹੀਂ ਕੀਤਾ।ਬਣਦਾ ਤਾਂ ਇਹ ਸੀ ਕਿ ਇਸ ਘਟਨਾ ਦੀ ਸਹੀ ਤੇ ਨਿਰਪੱਖ ਢੰਗ ਨਾਲ ਤਫਸੀਸ਼ ਕਰਕੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਜ਼ਾਵਾਂ ਦੇਣੀਅਾ ਯਕੀਨੀ ਬਣਾਈਆਂ ਜਾਂਦੀਆਂ,ਮਿ੍ਤਕ ਦੇ ਪਰਿਵਾਰ ਨੂੰ ਫ਼ੌਰੀ "ਘਾਤਕ ਦੁਰਘਟਨਾ ਕਾਨੂੰਨ" ਤਹਿਤ ਢੁੱਕਵਾਂ ਮੁਆਵਜਾ ਦਿੱਤਾ ਜਾਂਦਾ ਅਤੇ ਉਸ ਦੇ ਮੁੜ ਵਸੇਵੇ ਦਾ ਬੰਦੋਬਸਤ ਕੀਤਾ ਜਾਂਦਾ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੂਸਰੇ ਮਜ਼ਦੂਰ ਰਾਜ ਕੁਮਾਰ ਪੁੱਤਰ ਰਘਵੀਰ ਸਿੰਘ ਦਾ ਇਲਾਜ ਸਰਕਾਰੀ ਖਰਚੇ ਤੇ ਕਰਵਾਇਆ ਜਾਂਦਾ ਤੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਂਦੀ। ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਘੋਰ ਅਣਗਹਿਲੀ ਦਾ ਸਬੂਤ ਉਦੋਂ ਮਿਲਿਆ ਜਦੋਂ ਢੁਕਵੇਂ ਮੁਅਾਵਜ਼ੇ ਲਈ ਪੀੜਤ ਮਜ਼ਦੂਰਾਂ ਦੇ ਪਰਿਵਾਰਾਂ ਸਮੇਤ ਕਾਫੀ ਗਿਣਤੀ ਵਿੱਚ ਸਨਅਤੀ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਗੇਟ ਮੂਹਰਲੀ ਸੜਕ ਰੋਕ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਅਾ ਅਤੇ ਤੀਜੇ ਦਿਨ ਵੀ ਮ੍ਰਿਤਕ ਹਰੀ ਚੰਦ ਦਾ ਸੰਸਕਾਰ ਨਹੀਂ ਸੀ ਹੋ ਸਕਿਆ। ਸਭਾ ਦੀ ਟੀਮ ਨੇ ਇੱਕ ਹੋਰ ਅਜੀਬ ਤੇ ਸਿਤਮ ਦੀ ਗੱਲ ਇਹ ਨੋਟ ਕੀਤੀ ਕਿ ਸਨਅਤੀ ਗਰੋਥ ਸੈਂਟਰ ਵਿੱਚ ਸੈੰਕੜੇ ਫੈਕਟਰੀਆਂ ਕੰਮ ਕਰਦੇ ਹਜ਼ਾਰਾਂ ਮਜ਼ਦੂਰਾਂ ਵਾਸਤੇ ਕੋਈ ਵੀ ਮੁੱਢਲੀ ਸਿਹਤ ਸਹੂਲਤ ਵਾਲਾ ਸਿਹਤ ਕੇਂਦਰ ਨਹੀਂ ਬਣਿਅਾ ਹੋਇਆ ਅਤੇ ਨਾ ਹੀ ਅੱਗ ਬੁਝਾਊ ਸਬ ਸਟੇਸ਼ਨ ਮੁਹੱਈਆ ਕਰਵਾਇਆ ਹੋਇਆ ਹੈ।ਅਜੇ ਦੋ ਮਹੀਨੇ ਪਹਿਲਾਂ ਹੀ ਇੱਕ ਜੁੱਤੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਸੀ ਤੇ ਅੱਗ ਬੁਝਾਉਣ ਵਿੱਚ ਦੇਰੀ ਇਸ ਕਰਕੇ ਹੋ ਗਈ ਸੀ ਕਿਉਂਕਿ ਅੱਗ ਬੁਝਾਉਣ ਵਾਲੀ ਗੱਡੀ ਅੱਠ ਕਿਲੋਮੀਟਰ ਦੂਰ ਤੋਂ ਸ਼ਹਿਰ ਵਿੱਚ ਸਥਿਤ ਫਾਇਰ ਬਿ੍ਗੇਡ ਤੋਂ ਲਿਆਂਦੀ ਜਾਂਦੀ ਹੈ। ਸਭਾ ਮਹਿਸੂਸ ਕਰਦੀ ਹੈ ਕਿ ਅੱਗ ਲੱਗਣ ਤੇ ਧਮਾਕਾ ਹੋਣ ਦੀਆਂ ਦੀਆਂ ਘਟਨਾਵਾਂ ਪ੍ਰਤੀ ਪ੍ਰਸ਼ਾਸਨ ਸੰਵੇਦਨਸ਼ੀਲ ਨਹੀਂ।ਸਭਾ ਨੇ ਇਹ ਵੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ ਹੈ ਕਿ ਕਿਰਤ ਕਾਨੂੰਨਾਂ ਤਹਿਤ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨੇ ਨਾ ਸਿਰਫ਼ ਫੈਕਟਰੀ ਮਾਲਕਾਂ ਦੀ ਕਾਨੂੰਨੀ ਤੇ ਸੰਵਿਧਾਨਕ ਜ਼ਿੰਮੇਵਾਰੀ ਹੈ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਵੀ ਇਸ ਪਾਸੇ ਆਪਣਾ ਫ਼ਰਜ਼ ਅਦਾ ਕਰਨਾ ਬਣਦਾ ਹੈ ਤਾਂ ਕਿ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸਭਾ ਦੀ ਤੱਥ ਖੋਜ ਕਮੇਟੀ ਵੱਲੋਂ ਇਨ੍ਹਾਂ ਘਟਨਾਵਾਂ ਦੀ ਪੜਤਾਲ ਅਜੇ ਜਾਰੀ ਰੱਖੀ ਗਈ ਹੈ ਅਤੇ ਇਸ ਦੀ ਇੱਕ ਵਿਸਥਾਰਤ ਰਿਪੋਰਟ ਛੇਤੀ ਜਾਰੀ ਕੀਤੀ ਜਾਵੇਗੀ।
Comments (0)
Facebook Comments (0)