ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਅਸਤੀਫ਼ਾ ਦਿੱਤਾ

ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਅਸਤੀਫ਼ਾ ਦਿੱਤਾ

ਨਵੀਂ ਦਿੱਲੀ : 

ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਸੋਮਵਾਰ ਨੂੰ ਬੋਰਡ ਦੀ ਮੈਂਬਰਸਿਪ ਤੋਂ ਅਸਤੀਫ਼ਾ ਦੇ ਦਿੱਤਾ। ਨਰੇਸ਼ ਗੋਇਲ ਜੈਟ ਏਅਰਵੇਜ਼ ਦੇ ਪ੍ਰਮੁੱਖ ਪ੍ਰਮੋਟਰਾਂ 'ਚ ਸ਼ਾਮਲ ਸਨ। ਨਰੇਸ਼ ਇਸ ਤੋਂ ਪਹਿਲਾਂ ਖ਼ੁਦ ਅਸਤੀਫ਼ੇ ਦੀ ਪੇਸ਼ਕਸ਼ ਕਰ ਚੁੱਕੇ ਸਨ। ਉਨ੍ਹਾਂ ਨੇ ਆਰਥਕ ਸੰਕਟ ਤੋਂ ਪ੍ਰੇਸ਼ਾਨ ਮੁਲਾਜ਼ਮਾਂ ਨੂੰ ਇਕ ਭਾਵੁਕ ਚਿੱਠੀ ਲਿਖੀ ਸੀ। ਇਸ 'ਚ ਨਰੇਸ਼ ਨੇ ਕਿਹਾ ਸੀ ਕਿ ਉਹ ਕਿਸੇ ਵੀ ਬਲਿਦਾਨ ਲਈ ਤਿਆਰ ਹਨ। ਨਰੇਸ਼ ਗੋਇਲ ਨੇ ਇਹ ਕਦਮ ਕੰਪਨੀ ਨੂੰ ਨੀਲਾਮ ਹੋਣ ਤੋਂ ਬਚਾਉਣ ਲਈ ਚੁੱਕਿਆ ਹੈ। ਨਰੇਸ਼ ਗੋਇਲ 'ਤੇ ਪਿਛਲੇ ਕਈ ਸਾਲਾਂ ਤੋਂ ਕੰਪਨੀ ਦੇ ਮੁੱਖ ਪ੍ਰਮੋਟਰ ਯੂਏਈ ਦੀ ਏਤਿਹਾਦ ਏਅਰਲਾਈਨਜ਼ ਅਤੇ ਬੈਂਕਾਂ ਦਾ ਦਬਾਅ ਹੈ। ਕੰਪਨੀ ਦੇ ਪ੍ਰਮੋਟਰ ਨਰੇਸ਼ ਅਤੇ ਅਨੀਤਾ ਗੋਇਲ ਦੇ ਦੋ ਨੋਮਿਨੀ ਅਤੇ ਏਤਿਹਾਦ ਏਅਰਵੇਜ਼ ਦਾ ਇਕ ਨੋਮਿਨੀ ਵੀ ਬੋਰਡ ਤੋਂ ਹਟ ਗਿਆ ਹੈ। ਹੁਣ ਜੈਟ ਏਅਰਵੇਜ਼ ਕੰਪਨੀ ਨੂੰ 1500 ਕਰੋੜ ਰੁਪਏ ਦੀ ਵਾਧੂ ਫੰਡਿੰਗ ਮਿਲੇਗੀ। ਇਹ ਪੈਸੇ ਜੈਟ ਏਅਰਵੇਜ਼ ਨੂੰ ਵਿੱਤੀ ਸੰਕਟ 'ਚੋਂ ਕੱਢਣਗੇ। ਹੁਣ ਜੈਟ ਏਅਰਵੇਜ਼ ਦੇ ਲੈਂਡਰਾਂ ਦੇ ਕਰਜ਼ ਨੂੰ 11.4 ਕਰੋੜ ਇਕਵਿਟੀ ਸ਼ੇਅਰਾਂ 'ਚ ਬਦਲਿਆ ਜਾਵੇਗਾ। ਕੰਪਨੀ ਦੀ ਰੋਜ਼ਾਨਾ ਕਾਰਜਪ੍ਰਣਾਲੀ ਵੇਖਣ ਲਈ ਇਕ ਅੰਤਰਿਮ ਮੈਨੇਜਮੈਂਟ ਕਮੇਟੀ ਬਣਾਈ ਗਈ ਹੈ। ਕਰਜ਼ਦਾਰ ਕੰਪਨੀ ਦੇ ਸ਼ੇਅਰਾਂ ਨੂੰ ਨਿਵੇਸ਼ਕਾਂ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਹ ਪ੍ਰਕਿਰਿਆ ਜੂਨ ਦੇ ਤੀਜੇ ਹਫ਼ਤੇ ਤਕ ਖ਼ਤਮ ਹੋਵੇਗੀ। ਸੂਤਰਾਂ ਮੁਤਾਬਕ ਸਮਝੌਤੇ ਤਹਿਤ ਏਤਿਹਾਦ ਦਾ ਹਿੱਸਾ 24 ਫ਼ੀਸਦੀ ਤੋਂ ਘਟਾਕੇ 12 ਫ਼ੀਸਦੀ ਕੀਤਾ ਜਾਵੇਗਾ। ਨਰੇਸ਼ ਗੋਇਲ ਦਾ ਹਿੱਸਾ 51 ਫ਼ੀਸਦੀ ਤੋਂ ਘਟਾ ਕੇ 25.5 ਫ਼ੀਸਦੀ ਕੀਤਾ ਜਾਵੇਗਾ। ਕਰਜ਼ ਦੇਣ ਵਾਲਿਆਂ ਦਾ ਹਿੱਸਾ 50.5 ਫ਼ੀਸਦੀ ਹੋਵੇਗੀ। ਇਸ ਦਾ ਮਤਬਲ ਕੰਪਨੀ ਹੁਣ ਬੈਂਕ ਦੀ ਹੋ ਜਾਵੇਗੀ।  ਐਸਬੀਆਈ ਨੇ ਗੋਇਲ ਅਤੇ 3 ਡਾਇਰੈਕਟਰਾਂ ਨੂੰ ਬੋਰਡ ਛੱਡਣ ਲਈ ਕਿਹਾ ਸੀ। ਐਸਬੀਆਈ ਸਮੇਤ ਕਈ ਬੈਂਕਾਂ ਦੇ ਸਹਿਯੋਗੀਆਂ ਨੇ ਜੈਟ ਨੂੰ ਕਰਜ਼ਾ ਦਿੱਤਾ ਹੋਇਆ ਹੈ। ਹੁਣ ਕੰਪਨੀ ਇਨ੍ਹਾਂ ਬੈਂਕਾਂ ਦੇ ਅਧੀਨ ਆ ਗਈ ਹੈ। ਇਸ ਤੋਂ ਪਹਿਲਾਂ ਏਤਿਹਾਦ ਨੇ ਜੈਟ ਏਅਰਵੇਜ਼ ਨੂੰ ਸੰਕਟ 'ਚੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਸੀ। ਏਤਿਹਾਦ ਨੇ ਕਿਹਾ ਸੀ ਕਿ ਉਹ 750 ਕਰੋੜ ਰੁਪਏ ਦੀ ਫੰਡਿੰਗ ਨਹੀਂ ਦੇ ਰਹੀ।  ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਲੰਮੇ ਸਮੇਂ ਤੋਂ ਵਿੱਤੀ ਸੰਕਟ 'ਚੋਂ ਗੁਜਰ ਰਹੀ ਹੈ। ਕਈ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਕੰਪਨੀ ਲਗਾਤਾਰ ਉਡਾਨਾਂ ਰੱਦ ਕਰ ਰਹੀ ਹੈ। ਜੈਟ ਏਅਰਵੇਜ਼ ਦੇ ਪਾਇਲਟਾਂ ਨੂੰ ਇੰਡੀਗੋ ਅਤੇ ਸਪਾਈਸ ਜੈਟ ਆਪਣੀ ਵੱਲ ਖਿੱਚ ਰਹੇ ਹਨ। ਦੱਸ ਦੇਈਏ ਕਿ ਜੈਟ ਏਅਰਵੇਜ਼ ਨੇ 26 ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ। ਇਨ੍ਹਾਂ ਬੈਂਕਾਂ 'ਚ ਕੈਨਰਾ ਬੈਂਕ, ਬੈਂਕ ਆਫ਼ੀ ਇੰਡੀਆ, ਸਿੰਡੀਕੇਟ ਬੈਂਕ, ਇਲਾਹਾਬਾਦ ਬੈਂਕ ਆਦਿ ਸ਼ਾਮਲ ਹਨ। ਜੈਟ ਏਅਰਵੇਜ਼ ਨੇ 8000 ਕਰੋੜ ਰੁਪਏ ਦੇ ਕਰਜ਼ਾ ਲਿਆ ਹੋਇਆ ਹੈ। ਹੁਣ ਜੈਟ 'ਚ ਨਵੇਂ ਸਿਰੇ ਤੋਂ ਨਿਵੇਸ਼ ਕੀਤਾ ਜਾਵੇਗਾ। ਇਸ ਕਦਮ ਤੋਂ ਬਾਅਦ ਜੈਟ ਦੇ ਸੰਕਟ 'ਚੋਂ ਨਿਕਲਣ ਦੀ ਉਮੀਦ ਵਧੀ ਹੈ।