ਨੌਜਵਾਨਾਂ ਨੇ ਕਾਲੇ ਕਪੜੇ ਪਾ ਕੇ ਅਤੇ ਹੱਥਾਂ 'ਚ ਪਕੌੜੇ ਫੜ੍ਹ ਕੇ ਮੋਦੀ ਦਾ ਵਿਰੋਧ ਕੀਤਾ
Wed 15 May, 2019 0ਚੰਡੀਗੜ੍ਹ :
ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਪੰਜਾਬ 'ਚ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਵੱਡੇ ਸਿਆਸੀ ਆਗੂਆਂ ਨੇ ਪੰਜਾਬ 'ਚ ਡੇਰੇ ਲਗਾਏ ਹੋਏ ਹਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ 'ਚ ਰੈਲੀ ਕਰਨ ਪੁੱਜੇ ਸਨ। ਮੋਦੀ ਨੇ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਖ਼ਾਸ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦੌਰਾਨ ਇਕ ਵਾਰ ਵੀ ਕਿਰਨ ਖੇਰ ਦਾ ਨਾਂ ਨਹੀਂ ਲਿਆ ਬਲਕਿ ਆਪਣੀਆਂ ਕਈ ਯੋਜਨਾਵਾਂ ਤੇ ਕੰਮ ਗਿਣਵਾ ਦਿੱਤੇ। ਇਸੇ ਦੌਰਾਨ ਕੁਝ ਨੌਜਵਾਨਾਂ ਨੇ ਕਾਲੇ ਕਪੜੇ ਪਾ ਕੇ ਅਤੇ ਹੱਥਾਂ ਵਿਚ ਪਕੌੜੇ ਫੜ੍ਹ ਕੇ ਮੋਦੀ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਹਾਲਾਂਕਿ ਮੋਦੀ ਨੇ ਚੰਡੀਗੜ੍ਹ ਦੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਨਾਂ ਨਾਲ ਰੇਲ ਘਪਲੇ ਨੂੰ ਜੋੜਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਦੇ ਰਿਸ਼ਤੇਦਾਰ ਘਪਲਾ ਕਰਦੇ ਹਨ ਅਤੇ ਕਾਂਗਰਸ ਕਹਿੰਦੀ ਸੀ 'ਹੁਆ ਤੋ ਹੁਆ।' ਦਰਅਸਲ ਇੱਥੇ ਉਹ ਹਾਲ ਹੀ ਵਿਚ ਸੈਮ ਪਿਤਰੋਦਾ ਵੱਲੋਂ 1984 ਦੇ ਦੰਗਿਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਬਾਰੇ ਗੱਲ ਕਰ ਰਹੇ ਸਨ। ਮੋਦੀ ਨੇ ਕਾਂਗਰਸ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ 2009 ਵਿੱਚ ਚੋਣਾਂ ਦੇ ਨਾਲ IPL ਮੈਚ ਵੀ ਹੋਣਾ ਸੀ ਪਰ ਕਾਂਗਰਸ ਦੀ ਸਰਕਾਰ ਨੇ IPL ਕਰਨੋਂ ਮਨ੍ਹਾ ਕਰ ਦਿੱਤਾ ਤੇ ਪਹਿਲਾਂ ਚੋਣਾਂ ਕਰਵਾਈਆਂ। ਇੱਧਰ ਆਪਣੀ ਬੀਜੇਪੀ ਸਰਕਾਰ ਦੀ ਤਰੀਫ਼ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ IPL ਮੈਚ ਵੀ ਹੋਇਆ ਤੇ ਚੋਣਾਂ ਵੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਦੇਸ਼ ਦਾ ਦਿਲ ਹੈ ਤੇ ਬੀਜੇਪੀ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਹੈ।
Comments (0)
Facebook Comments (0)