ਕਰੋਨਾ ਨਾਲ ਨਹੀ , ਮਤਰੇਏ ਫੈਸਲੇ ਨਾਲ ਤਿੜਕਿਆ ਐਨ.ਐਚ.ਐਮ.ਮੁਲਾਜ਼ਮਾਂ ਦਾ ਹੌਂਸਲਾ
Fri 24 Apr, 2020 0ਤਨਖਾਹਾਂ ਵਿੱਚ 40 ਪ੍ਰਤੀਸ਼ਤ ਵਾਧਾ ਸਾਰੇ ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਨੂੰ ਦੇਣ ਦੀ ਮੰਗ।
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਤਰਨ ਤਾਰਨ/ਚੋਹਲਾ ਸਾਹਿਬ 24 ਅਪ੍ਰੈਲ 2020
ਬੀਤੇ ਦਿਨੀਂ ਪੰਜਾਬ ਸਰਕਾਰ ਨੇ ਕਰੋਨਾ ਦੀ ਜੰਗ ਵਿੱਚ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਆਈ ਡੀ ਐਸ ਪੀ ਪ੍ਰੋਗਰਾਮ ਦੇ ਕੁੱਝ ਕਰਮਚਾਰੀਆਂ ਨੂੰ ਹੋਂਸਲਾ ਅਫ਼ਜ਼ਾਈ ਵਜੋਂ ਤਨਖਾਹਾਂ ਵਿਚ 40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।ਇਹ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਕਿਉਂਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਸਨ। ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕਰੋਨਾ ਦੀ ਜੰਗ ਵਿੱਚ ਫਰੰਟ ਤੇ, ਫਲੂ ਵਾਰਡ, ਕਰੋਨਾ ਰਿਪੋਟਿੰਗ ਸਬੰਧੀ ਦਫ਼ਤਰਾਂ ਵਿੱਚ,ਫੀਲਡ ਸਟਾਫ ਵਜੋਂ ਅੱਗੇ ਹੋ ਕੇ ਡਿਊਟੀ ਨਿਭਾ ਰਹੇ ਹਨ ਉਨ੍ਹਾਂ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ 40 ਪ੍ਰਤੀਸ਼ਤ ਵਾਧਾ ਸਾਰੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਮਿਲਣਾ ਚਾਹੀਦਾ ਹੈ। ਕਿਉਂਕਿ ਅਸਲੀ ਫੋਜ ਜ਼ੋ ਫਰੰਟ ਤੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕੰਮ ਕਰ ਰਹੀ ਹੈ , ਉਨ੍ਹਾਂ ਕਰਮਚਾਰੀਆਂ ਨੇ ਸੀ.ਐਚ.ਸੀ.ਸਰਹਾਲੀ ਵਿਖੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਜੇਕਰ ਪੰਜਾਬ ਸਰਕਾਰ ਬਾਕੀ ਕਰਮਚਾਰੀਆਂ ਦੀ ਤਨਖਾਹ ਵਿਚ 40 ਪ੍ਰਤੀਸ਼ਤ ਦਾ ਵਾਧਾ ਨਹੀਂ ਕਰਦੀ ਤਾਂ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਸਾਰੇ ਕਰਮਚਾਰੀ ਬੁੱਧਵਾਰ 29 ਅਪ੍ਰੈਲ ਨੂੰ ਆਪਣੇ ਸਾਰੇ ਕੰਮ ਛੱਡ ਕੇ ਜਿਲ੍ਹਾ ਹੈਡਕੁਆਰਟਰਾਂ ਤੇ ਦਫ਼ਤਰ ਸਿਵਲ ਸਰਜਨਾਂ ਵਿਖੇ ਇਕੱਠੇ ਹੋ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ।ਜਦੋਂ ਤੱਕ ਪੰਜਾਬ ਸਰਕਾਰ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ 40 ਪ੍ਰਤੀਸ਼ਤ ਦਾ ਵਾਧਾ ਨਹੀਂ ਹੋ ਜਾਂਦਾ ਉਦੋਂ ਤੱਕ ਹੜਤਾਲ ਵਾਪਿਸ ਨਹੀਂ ਲੈਣਗੇ। ਇਹ ਕਾਣੀ ਵੰਡ ਪੰਜਾਬ ਸਰਕਾਰ ਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੀ ਭਾਰੀ ਪੈ ਸਕਦੀ ਹੈ।ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ ਪਰ ਸਰਕਾਰ ਨੂੰ ਵੀ ਸਾਡੇ ਹਿੱਤਾਂ ਦੀ ਰਾਖੀ ਕਰਦੇ ਹੋਏ ਬਰਾਬਰ ਤਨਖਾਹ ਦੇਣੀਆਂ ਚਾਹੀਦੀਆਂ ਹਨ ਤਾਂ ਜ਼ੋ ਸਾਡੇ ਮੁਲਾਜ਼ਮ ਵਰਗ ਦਾ ਵੀ ਹੌਸਲਾ ਵਧ ਸਕੇ ਅਤੇ ਉਹ ਹੋਰ ਅਗਾਂਹ ਹੋਕੇ ਇਸ ਮਹਾਂਮਾਰੀ ਦੌਰਾਨ ਕੰਮ ਕਰ ਸਕਣ।ਇਸ ਮੋਕੇ ਮਨਦੀਪ ਸਿੰਘ,ਵਿਸ਼ਾਲ ਕੁਮਾਰ,ਕੁਲਵੰਤ ਕੌਰ,ਪਰਮਿੰਦਰ ਸਿੰਘ,ਮਨਦੀਪ ਕੌਰ,ਕਰਨਜੀਤ ਸਿੰਘ,ਡਾ: ਵਿਵੇਕ ਸ਼ਰਮਾਂ,ਮਨਜਿੰਦਰ ਕੌਰ,ਕਵਲਜੀਤ ਕੌਰ,ਰਜਵੰਤ ਕੌਰ,ਹਰਪ੍ਰੀਤ ਕੌਰ,ਡਾ: ਮਨੀ ਮੱਟੂ,ਵੀਰਪਾਲ ਕੌਰ,ਸਰਬਜੀਤ ਕੌਰ,ਕੁਲਜੀਤ ਕੌਰ,ਮਨਦੀਪ ਕੌਰ ਆਦਿ ਹਾਜ਼ਰ ਸਨ।
Comments (0)
Facebook Comments (0)