ਪਿੰਡ ਖਾਰਾ ਦੀ ਪੰਚਾਇਤ ਅਤੇ ਸੰਗਤ ਵਲੋਂ ਕੀਤਾ ਗਿਆ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
Fri 15 Dec, 2023 0ਚੋਹਲਾ ਸਾਹਿਬ, 15 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਸੰਗਤ ਦੇ ਬੁਲਾਵੇ ਤੇ ਅੱਜ ਗੁਰਮਤਿ ਪ੍ਰਚਾਰ ਫੇਰੀ ਦਾ ਪੜਾਅ ਪਿੰਡ ਖਾਰਾ ਵਿਚ ਸੀ, ਜਿਥੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ, “ਨਾਮ ਸਿਮਰਨ ਇਸ ਜੀਵਨ ਦਾ ਸਭ ਤੋਂ ਕੀਮਤੀ ਸਰਮਾਇਆ ਹੈ। ਪਰਮਾਤਮਾ ਦੇ ਨਾਮ ਤੋਂ ਵਿਹੂਣਾ ਮਨੁੱਖੀ ਜੀਵਨ ਪਸ਼ੂ ਨਾਲੋਂ ਵੀ ਬਦਤਰ ਹੈ। ਗੁਰਵਾਕ ਹੈ, “ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥ (ਪੰ।੪੮੯) ਭਾਵ ਨਾਮ ਵਿਹੂਣੇ ਮਨੁੱਖਾਂ ਨਾਲੋਂ ਪਸ਼ੂ ਚੰਗੇ ਹਨ ਜਿਹੜੇ ਖਲ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦੇ ਹਨ ਪਰ ਨਾਮ ਤੋਂ ਵਿਹੂਣੇ ਮਨੁੱਖ ਜੋ ਬੁਰੇ ਕੰਮ ਕਰਦੇ ਹਨ ਉਨਾਂ ਦੇ ਜੀਵਨ ਤੇ ਲੱਖ ਲਾਹਣਤ ਹੈ ਮਹਾਂਪੁਰਖਾਂ ਨੇ ਕਿਹਾ ਕਿ ਮਨੁੱਖ ਨੂੰ ਪਰਮਾਤਮਾ ਨੇ ਸਭ ਤੋਂ ਉੱਤਮ ਦੇਹੀ ਦੇ ਕੇ ਨਿਵਾਜਿਆ ਹੈ, ਅਗਰ ਜੀਵਨ ਵਿਚ ਸ਼ੁਭ ਕਰਮ ਨਾ ਕੀਤੇ ਗਏ ਤਾਂ ਇਹ ਅਮੋਲਕ ਜੀਵਨ ਵਿਅਰਥ ਚਲਾ ਜਾਵੇਗਾ। ਸੇਵਾ ਅਤੇ ਸਿਮਰਨ ਸਭ ਤੋਂ ਉੱਤਮ ਕਰਮ ਹਨ, ਜਿਨ੍ਹਾ ਨਾਲ ਮਨੁੱਖਾ ਦੇਹ ਸਫਲ ਹੁੰਦੀ ਹੈ। ਗੁਰਵਾਕ ਹੈ, “ ਸਗਲ ਉਦਮ ਮਹਿ ਉਦਮੁ ਭਲਾ॥ ਹਰਿ ਕਾ ਨਾਮੁ ਜਪਹੁ ਜੀਅ ਸਦਾ॥”(ਪੰ। ੨੬੫) ਜਿਸ ਨੇ ਆਪਣੇ ਜੀਵਨ ਵਿਚ ਸੇਵਾ-ਸਿਮਰਨ ਕਮਾਇਆ ਹੈ, ਉਸ ਨੇ ਮਾਨਸ ਦੇਹੀ ਦਾ ਪੂਰਾ ਲਾਹਾ ਖੱਟਿਆ ਹੈ।” ਉਹਨਾਂ ਆਖਿਆ ਕਿ ਨਗਰ ਨਿਵਾਸੀ ਸਰਬੱਤ ਸੰਗਤ ਦਾ ਧੰਨਵਾਦ ਹੈ, ਜਿਨ੍ਹਾਂ ਨੇ ਹੜ੍ਹਾਂ ਵੇਲੇ ਦਰਿਆਵਾਂ ਦੇ ਟੁੱਟੇ ਬੰਨ੍ਹਾਂ ਤੇ ਸੇਵਾ ਕੀਤੀ।ਪਿੰਡ ਖਾਰਾ ਤੋਂ ਬੀਬੀਆਂ ਦਾ ਸੇਵਕ ਜਥਾ ਸਾਰੇ ਬੰਨ੍ਹਾਂ ਦੀ ਸੇਵਾ ਵਿਚ ਲਗਾਤਾਰ ਪਹੁੰਚਦਾ ਰਿਹਾ ਹੈ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਇਸ ਜਥੇ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਰਬੱਤ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਤੇ ਬੇਅੰਤ ਸੰਗਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਸ। ਗੁਰਪ੍ਰੀਤ ਸਿੰਘ, ਲਖਬੀਰ ਸਿੰਘ, ਮੇਜਰ ਸਿੰਘ, ਤੇਜਿੰਦਰ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ ਸਰਪੰਚ, ਅਤੇ ਬੀਬੀਆਂ ਦੇ ਜਥੇ ਵਿਚੋਂ ਬੀਬੀ ਜਸਬੀਰ ਕੌਰ, ਮਨਦੀਪ ਕੌਰ, ਸੰਦੀਪ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਮਨਜਿੰਦਰ ਕੌਰ, ਬਖ਼ਸ਼ੀਸ਼ ਕੌਰ, ਸਰਬਜੀਤ ਕੌਰ, ਛਿੰਦਰ ਕੌਰ, ਬਲਵੀਰ ਕੌਰ ਆਦਿ ਦੇ ਨਾਂ ਜ਼ਿਕਰਯੋਗ ਹਨ। ਸਮੂਹ ਸੰਗਤ ਨੇ ਉੱਚੀ ਧੁਨ ਵਿਚ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਅਤੇ ਬੁਲੰਦ ਆਵਾਜ਼ ਵਿਚ ਜੈਕਾਰੇ ਬੁਲਾਉਂਦਿਆਂ ਆਪਣ ਪਿੰਡ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ ਭੇਂਟ ਕੀਤੇ। ਇਸ ਮੌਕੇ ਸ। ਗੁਰਪ੍ਰਿਤ ਸਿੰਗ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ। “ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵਲੋਂ ਹੜ੍ਹਾਂ ਮੌਕੇ ਬਹੁਤ ਵੱਡੇ ਸੇਵਾ ਕਾਰਜ ਕੀਤੇ ਹਨ। ਜਿਨ੍ਹਾਂ ਤੋਂ ਬਹੁਤ ਸਾਰੇ ਨੌਜਵਾਨ ਗੁਰਸਿੱਖਿ ਜੀਵਨ ਵੱਲ ਪ੍ਰੇਰਿਤ ਹੋਏ ਹਨ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਨਸ਼ੇ ਛੱਡਣ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ ਹੈ। ਨੌਜਵਾਨਾਂ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਸੇਵਾ ਕਾਰਜਾਂ ਤੋਂ ਬਹੁਤ ਪ੍ਰੇਰਨਾ ਮਿਲੀ ਹੈ। ਬੰਨ੍ਹਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਨੌਜਵਾਨ ਨਸ਼ਾ-ਮੁਕਤ ਹੋ ਕੇ ਸੇਵਾ ਕਰਨ ਵਿਚ ਦਿਲਚਸਪੀ ਲੈਣ ਲੱਗੇ ਹਨ। ਬਾਬਾ ਜੀ ਵਲੋਂ ਵਾਤਾਵਰਣ ਦੀ ਸੰਭਾਲ ਲਈ ਪਿਛਲੇ ਸਾਲ 5 ਲੱਖ ਪੌਦੇ ਲਗਾਏ ਗਏ ਸਨ। ਹਰ ਸਾਲ ਗਰੀਬ ਲੜਕੀਆਂ ਦੇ ਵਿਆਹ ਵੀ ਕੀਤੇ ਜਾਂਦੇ ਹਨ। ਬਾਬਾ ਜੀ ਵਲੋਂ ਸਿੱਖਿਆ ਦੇ ਪ੍ਰਸਾਰ ਲਈ ਕਈ ਸਕੂਲ ਅਤੇ ਕਾਲਜ ਚੱਲ ਰਹੇ ਹਨ। ਇਹਨਾਂ ਸੇਵਾ ਕਾਰਜਾਂ ਕਰਕੇ ਬਾਬਾ ਜੀ ਆਉਣ ਵਾਲੀ ਪੀੜ੍ਹੀ ਲਈ ਉੱਗੇ ਮਾਰਗ ਦਰਸ਼ਕ ਹਨ।”
Comments (0)
Facebook Comments (0)