ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਬਹੁ-ਰੂਪੀਏ---ਬਾਬਾ ਹਾਕਮ ਸਿੰਘ ਜੀ

ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਬਹੁ-ਰੂਪੀਏ---ਬਾਬਾ ਹਾਕਮ ਸਿੰਘ ਜੀ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ,14 ਅਪ੍ਰੈਲ 2020 

ਦਸਮ ਪਾਤਸ਼ਾਹ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ (ਵਿਸਾਖੀ) ਖਾਲਸਾ ਪੰਥ ਦੀ ਸਾਜਨਾ ਇਸ ਲਈ ਕੀਤੀ ਸੀ ਕਿ ਗੁਰੂ ਦੇ ਇਹ ਸਿੱਖ ਅਮ੍ਰਿਤ ਛਕ ਕੇ ਮਜਲੂਮਾਂ ਦੀ ਰਾਖੀ ਕਰਨਗੇ ਅਤੇ ਜਾਲਮ ਨੂੰ ਸੋਧਣਗੇ ਪਰ ਹੁਣ ਕੁੱਝ ਅਜਿਹੇ ਸਿੰਘ ਵੀ ਵੇਖਣ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਸਿੰਘ ਨਹੀਂ ਬਹੁ-ਰੂਪੀਏ ਕਹਿ ਸਕਦੇ ਹਾਂ।ਇਸ ਦੀ ਮਿਸਾਲ ਐਤਵਾਰ ਨੂੰ ਜਿਲ੍ਹਾ ਪਟਿਆਲਾ ਦੇ ਇੱਕ ਪਿੰਡ ਵਿੱਚ  ਗੁਰਦੁਆਰਾ ਸਾਹਿਬ `ਤੇ ਕਥਿੱਤ ਜਬਰੀ ਕਬਜਾ ਕਰੀ ਬੈਠੇ ਅਖੌਤੀ ਨਿਹੰਗ ਸਿੰਘਾਂ ਨੇ ਦੇਸ਼ ਦੀ ਜਨਤਾ ਦੀ ਰਾਖੀ ਕਰ ਰਹੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਕੇ ਦਿੱਤੀ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼ਿਵਪੁਰੀ(ਮੱਧ ਪ੍ਰਦੇਸ) ਤੋਂ ਇਸ ਪੱਤਰਕਾਰ ਨਾਲ ਫੋਨ ਤੇ ਕਰਦੇ ਹੋਏ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਉੱਪ ਮੁਖੀ ਬਾਬਾ ਹਾਕਮ ਸਿੰਘ ਜੀ ਨੇ ਉਕਤ ਅਖੌਤੀ ਨਿਹੰਗ ਸਿੰਘਾਂ ਵਲੋਂ ਕੀਤੀ ਗਈ ਨਿੰਦਣਯੋਗ ਕਾਰਵਾਈ ਦੀ ਨਿਖੇਧੀ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਫੈਲੀ ਮਹਾਂਮਾਰੀ ਕਾਰਨ ਜਿਥੇ ਸਾਰੇ ਲੋਕ ਘਰਾਂ ਵਿੱਚ ਬੈਠ ਕੇ ਆਪਣਾ ਬਚਾਅ ਕਰ ਰਹੇ ਹਨ,ਉਥੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੜਕਾਂ, ਚੌਂਕਾਂ ਤੇ ਦਿਨ ਰਾਤ ਪਹਿਰਾ ਦੇ ਕੇ ਸਾਡੀ ਰਾਖੀ ਕਰਨ ਵਿੱਚ ਲੱਗੇ ਹੋਏ ਹਨ।ਪਰ ਸਾਡੇ ਲੋਕ ਜੇਕਰ, ਇਨ੍ਹਾਂ ਪੁਲਿਸ ਜਵਾਨਾਂ ਦੀ ਹੌਸਲਾ ਅਫਜਾਈ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਦਾ ਮਨੋਬਲ ਡੇਗਣ ਵਾਲੀਆਂ ਕਾਰਵਾਈਆਂ ਨਾ ਕਰਨ।ਬਾਬਾ ਹਾਕਮ ਸਿੰਘ ਜੀ ਨੇ ਐਤਵਾਰ ਵਾਪਰੀ ਘਟਨਾ ਜਿਸ ਵਿੱਚ ਅਖੌਤੀ ਨਿਹੰਗ ਸਿੰਘਾਂ ਦੇ ਟੋਲੇ ਵਲੋਂ ਡਿਊਟੀ ਕਰ ਰਹੇ ਇਕ ਏਐਸਆਈ ਦਾ ਹੱਥ ਹੀ ਗੁੱਟ ਨਾਲੋਂ ਅਲੱਗ ਕਰ ਦਿੱਤਾ ਸੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਕੋਲੋਂ ਜੋਰਦਾਰ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਖੌਤੀ ਨਿਹੰਗ ਸਿੰਘਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹੋਰ ਅਜਿਹੀ ਹਰਕਤ ਦੀ ਜੁਰਅਤ ਨਾ ਕਰ ਸਕੇ।ਬਾਬਾ ਹਾਕਮ ਸਿੰਘ ਜੀ ਨੇ ਹੋਰ ਵੀ ਅਜਿਹੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਬਹੁ-ਰੂਪੀਏ ਜੋ ਸਿੱਖ ਧਰਮ ਨੂੰ ਦੁਨੀਆਂ ਦੇ ਵਿੱਚ ਬਦਨਾਮ ਕਰ ਰਹੇ ਹਨ ਦੇ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਮੰਗ ਉਠਾਈ ਹੈ।