ਕਰਫਿਊ ਦੌਰਾਨ ਚੋਹਲਾ ਸਾਹਿਬ ਦੇ ਬਜ਼ਾਰਾਂ ਵਿੱਚ ਐਸ.ਐਸ.ਪੀ.ਧਰੁਵ ਦਹੀਆ ਵੱਲੋਂ ਫਲੈਗ ਮਾਰਚ।

ਕਰਫਿਊ ਦੌਰਾਨ ਚੋਹਲਾ ਸਾਹਿਬ ਦੇ ਬਜ਼ਾਰਾਂ ਵਿੱਚ ਐਸ.ਐਸ.ਪੀ.ਧਰੁਵ ਦਹੀਆ ਵੱਲੋਂ ਫਲੈਗ ਮਾਰਚ।

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 23 ਮਾਰਚ 2020 


ਕਰੋਨਾ ਵਾਇਰਸ ਦੇ ਚੱਲਦਿਆਂ ਆਮ ਜਨਤਾ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਸਵੇਰ ਤੋਂ ਕੀਤੇ ਗਏ ਲਾਕਆਊਟ ਦੇ ਆਰਡਰਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਅਦ ਦੁਪਹਿਰ ਸਮੁੱਚੇ ਪੰਜਾਬ ਵਿੱਚ ਕੀਤੇ ਗਏ ਕਰਫਿਊ ਲਗਾਉਣ ਦੇ ਹੁਕਮਾਂ ਦੇ ਚੱਲਦਿਆਂ ਅੱਜ ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਸਮੁੱਚੇ ਬਜ਼ਾਰ ਦੁਪਹਿਰ ਤੋਂ ਬਾਅਦ ਪੂਰੀ ਤਰ੍ਹਾਂ ਬੰਦ ਰਹੇ ।ਇਸਤੋਂ ਪਹਿਲਾਂ ਲਾਕਆਊਟ ਦੇ ਆਰਡਰਾਂ ਦੀ ਬਿਨਾਂ ਪਰਵਾਹ ਕੀਤਿਆਂ ਲੋਕ ਆਪਣੀਆਂ ਨਿੱਜੀ ਜਰੂਰਤਾਂ ਦੀ ਪੂਰਤੀ ਲਈ ਖੁੱਲ ਦਿਲੀ ਨਾਲ ਘਰੋਂ ਬਾਹਰ ਗਲੀਆਂ ਬਜਾਰਾ ਵਿੱਚ ਆਮ ਵੇਖੇ ਗਏ ।

ਪਰ ਜਿਓਂ ਹੀ ਕਰਫਿਊ ਦੇ ਆਰਡਰ ਹੋਏ ਤਾਂ ਵੇਖਦਿਆਂ ਹੀ ਵੇਖਦਿਆਂ ਪੁਲਿਸ ਪਾਰਟੀ ਵੱਲੋਂ ਚੋਹਲਾ ਸਾਹਿਬ ਦੇ ਸਮੁੱਚੇ ਬਜਾਰਾਂ ਵਿੱਚੋਂ ਲੋਕਾਂ ਨੂੰ ਘਰਾਂ ਵਿੱਚ ਭੇਜ਼ ਦਿੱਤਾ ਅਤੇ ਬਜ਼ਾਰਾਂ ਵਿੱਚ ਜਮਾਂ ਹੋਈ ਲੋਕਾਂ ਭੀੜ ਗਾਇਬ ਹੋਣੀ ਸ਼ੁਰੂ ਹੋ ਗਈ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਲੋਕਾਂ ਵੱਲੋਂ ਕਰਫਿਊਅ ਦੀ ਪਾਲਣਾ ਕਰਦੇ ਹੋਏ ਸਾਰਾ ਸਮਾ ਆਪਣੇ ਘਰਾਂ ਵਿੱਚ ਰਹਿਕੇ ਬਿਤਾਇਆ।ਇਸ ਦੌਰਾਨ ਜਿੱਥੇ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਐਸ.ਐਚ.ਓ.ਸੋਨਮਦੀਪ ਕੌਰ ਦੀ ਅਗਵਾਈ ਹੇਠ ਪੂਰਾ ਦਿਨ ਪੂਰੀ ਮੁਸ਼ਤੈਦੀ ਨਾਲ ਸਥਿਤੀ ਤੇ ਨਜ਼ਰ ਰੱਖੀ ।ਉੱਥੇ ਜਿਲ੍ਹਾ ਪੁਲਿਸ ਮੁੱਖੀ ਐਸ.ਐਸ.ਪੀ.ਧਰੁਵ ਦਹੀਆ ਵੱਲੋਂ ਵੀ ਪੁਲਿਸ ਪਾਰਟੀ ਨਾਲ ਕਸਬਾ ਚੋਹਲਾ ਸਾਹਿਬ ਦੇ ਬਜ਼ਾਰਾਂ ਵਿੱਚ ਫਲੈਗ ਮਾਰਚ ਕਰਦਿਆਂ ਥਾਣਾ ਮੁੱਖੀ ਨੂੰ ਹਦਾਇਤ ਕੀਤੀ ਕਿ ਉਹ ਇਸ ਕਰਫਿਊ ਨੂੰ ਮੁਕੰਮਲ ਤੌਰ ਦੇ ਲਾਗੂ ਕਰਵਾਉਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ।

ਉਹਨਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜਿਲ੍ਹੇ ਨਾਲ ਸਬੰਧਤ ਵੱਖ-ਵੱਖ ਸ਼ਹਿਰਾ ਕਸਬਿਆਂ ਵਿੱਚ ਪਹੁੰਚਕੇ ਕਰਫਿਊ ਦੌਰਾਨ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਇਹ ਫਲੈਗ ਮਾਰਚ ਕੱਢਣ ਦਾ ਮਕਸਦ ਇਹੀ ਹੈ ਕਿ ਇਸ ਕਰਫਿਊ ਦੀ ਸਹੀ ਤਰੀਕੇ ਨਾਲ ਪਾਲਣਾ ਕੀਤੀ ਜਾ ਰਹੀ ਹੈ ਕਿ ਨਹੀਂ।ਉਹਨਾ ਕਿਹਾ ਕਿ ਉਹ ਹੁਣ ਤੱਕ ਜਿੱਥੇ ਜਿੱਥੇ ਵੀ ਗਏ ਹਨ ਉੱਥੇ ਲੋਕਾਂ ਵੱਲੋਂ ਇਸ ਕਰਫਿਊ ਦੀ ਪਾਲਣਾ ਕੀਤੀ ਜਾ ਰਹੀ ਹੈ।ਅੱਜ ਪੂਰਾ ਦਿਨ ਥਾਣਾ ਮੁੱਖੀ ਸੋਨਮਦੀਪ ਕੌਰ ਵੱਲੋਂ ਬਜ਼ਾਰਾਂ ਅਤੇ ਗਲੀਆਂ ਵਿੱਚ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ।