ਜੰਮੂ ਕਸ਼ਮੀਰ ‘ਚ ਦਹਿਸ਼ਤਗਰਦਾਂ ਨੇ ਸਿੱਖ ਨੂੰ ਗੋਲੀ ਮਾਰ ਕੀਤਾ ਹਲਾਕ

ਜੰਮੂ ਕਸ਼ਮੀਰ ‘ਚ ਦਹਿਸ਼ਤਗਰਦਾਂ ਨੇ ਸਿੱਖ ਨੂੰ ਗੋਲੀ ਮਾਰ ਕੀਤਾ ਹਲਾਕ

ਸ੍ਰੀਨਗਰ/ਜੰਮੂ, 5 ਜਨਵਰੀ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ  ਇਕ ਸਿੱਖ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਥੋਂ 36 ਕਿਲੋਮੀਟਰ ਦੂਰ ਤਰਾਲ ਖੇਤਰ ਦੇ ਖਾਸੀਪੋਰਾ ਵਿੱਚ ਦਹਿਸ਼ਤਗਰਦਾਂ ਨੇ ਸਿਮਰਨਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਸਿੰਘ, ਜਿਸ ਦੇ ਵੱਡਾ ਭਰਾ ਨੂੰ ਸੱਜਰੀਆਂ ਪੰਚਾਇਤ ਚੋਣਾਂ ਦੌਰਾਨ ਸਰਪੰਚ ਚੁਣਿਆ ਗਿਆ ਹੈ, ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ।
ਇਸ ਦੌਰਾਨ ਪਾਕਿਸਤਾਨ ਨੇ  ਮੁੜ ਗੋਲੀਬੰਦੀ ਦਾ ਉਲੰਘਣ ਕਰਦਿਆਂ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ਤੇ ਆਮ ਨਾਗਰਿਕਾਂ ਦੀ ਵਸੋਂ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਰਟਾਰ ਦਾਗ਼ੇ। ਅਧਿਕਾਰੀਆਂ ਮੁਤਾਬਕ ਭਾਰਤੀ ਫ਼ੌਜਾਂ ਨੇ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ। ਉਂਜ ਗੋਲੀਬਾਰੀ ਕਰਕੇ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਅਧਿਕਾਰੀ ਮੁਤਾਬਕ ਅਕਤੂਬਰ 2018 ਤਕ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੀਆਂ 16 ਸੌ ਘਟਨਾਵਾਂ ਵਾਪਰ ਚੁੱਕੀਆਂ ਹਨ।