ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ’ਤੇ ਪਾਬੰਦੀ

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ’ਤੇ ਪਾਬੰਦੀ

ਤਰਨ ਤਾਰਨ :

ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਐਗਜ਼ਿਟ ਪੋਲ ’ਤੇ ਮਿਤੀ 19 ਮਈ, 2019 ਤੱਕ ਪਾਬੰਦੀ ਲਾਈ ਗਈ ਹੈ।ਚੋਣ ਕਮਿਸ਼ਨ ਦੇ ਆਦੇਸ਼ਾਂ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਆਏ ਦਿਸ਼ਾ-ਨਿਰਦੇਸ਼ਾਂ ਨੂੰ ਮੀਡੀਆ ਨਾਲ ਸਬੰਧਤ ਲੋਕਾਂ ਲਈ ਜਾਰੀ ਕਰਦਿਆਂ, ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਏ ਅਨੁਸਾਰ ਮਿਤੀ 11 ਅਪਰੈਲ, 2019 ਨੂੰ ਸਵੇਰੇ 7 ਵਜੇ ਤੋਂ ਲੈ ਕੇ ਮਿਤੀ 19 ਮਈ, 2019 ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਨੂੰ ਦਿਖਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਚੋਣਾਂ ਵਾਲੇ ਖੇਤਰਾਂ ਵਿੱਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨੂੰ ਨਹੀਂ ਦਿਖਾ ਸਕੇਗਾ। ਇਸ ਤੋਂ ਇਲਾਵਾ ਇਨ੍ਹਾਂ 48 ਘੰਟਿਆਂ ਦੌਰਾਨ ਪ੍ਰਿੰਟ ਮੀਡੀਆ ’ਚ ਵੋਟਰਾਂ ’ਤੇ ਪ੍ਰਭਾਵ ਪਾਉਂਦੀ ਕਿਸੇ ਵੀ ਉਮੀਦਵਾਰ ਨਾਲ ਸਬੰਧਤ ਕੋਈ ਵੀ ਜਾਣਕਾਰੀ ਜਾਂ ਵਿਗਿਆਪਨ ਵੀ ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛਾਪਿਆ ਜਾ ਸਕੇਗਾ।