ਪਿੰਡ ਠੱਠਾ ਅਤੇ ਸਰਹਾਲੀ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਪਿੰਡ ਠੱਠਾ ਅਤੇ ਸਰਹਾਲੀ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਚੋਹਲਾ ਸਾਹਿਬ, 19 ਦਸੰਬਰ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) ਅੱਜ ਦੋ ਪਿੰਡਾਂ ਦੀ ਸੰਗਤ ਵੱਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਪਿੰਡ ਠੱਠਾ ਵਿਚ ਸਤਿਕਾਰਯੋਗ ਮਾਤਾ ਰਣਜੀਤ ਕੌਰ ਜੀ ਦ ਨਾਲ ਜਥੇਦਾਰ ਬੀਰਾ ਸਿੰਘ, ਗੁਰਮੇਜ ਸਿੰਘ, ਮਿਲਖਾ ਸਿੰਘ, ਜਗਤਾਰ ਸਿੰਘ ਸਮੇਤ ਹੋਰ ਬੇਅੰਤ ਸੰਗਤਾਂ ਹਾਜ਼ਰ ਸਨ। ਇਸ ਤੋਂ ਬਾਅਦ ਪਿੰਡ ਸਰਹਾਲੀ ਵਿਚ ਚੈਂਚਲ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਗੁਰਮੁਖ ਸਿੰਘ , ਰਣਜੀਤ ਸਿੰਘ ਅਤੇ ਨਗਰ ਨਿਵਾਸੀ ਸੰਗਤ ਹਾਜ਼ਰ ਸੀ। ਠੱਠਾ ਵਿਖੇ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ। ਗੁਰਮੇਜ ਸਿੰਘ ਜੀ ਨੇ ਕਿਹਾ,” ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਨੇ ਸਭ ਤੋਂ ਅੱਗੇ ਵਧ ਕੇ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ। ਪੰਜਾਬ ਦੀ ਧਰਤੀ ਤੇ ਇਸ ਵਰ੍ਹੇ ਆਏ ਹੜ੍ਹਾਂ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਗੁਰਸਿੱਖੀ ਦੀ ਪ੍ਰਤੱਖ ਮੂਰਤ ਬਾਬਾ ਸੁੱਖਾ ਸਿੰਘ ਜੀ ਵਲੋਂ ਹੜ੍ਹਾਂ ਵਿਚ ਵਿਚ ਕੀਤੀ ਗਈ ਸੇਵਾ ਲਈ ਸ਼ਲਾਘਾ ਪੂਰੀ ਦੁਨੀਆਂ ਵਿਚ ਹੋ ਰਹੀ ਹੈ। ਹੜ੍ਹਾਂ ਵੇਲੇ ਜਿੱਥੇ ਇਕ ਪਾਸੇ ਕਿਸਾਨ ਆਪਣੀਆਂ ਡੁੱਬੀਆਂ ਫਸਲਾਂ ਵੇਖ ਚਿੰਤਤ ਹੁੰਦੇ ਸਨ,  ਉੱਥੇ ਦੂਜੇ ਪਾਸੇ ਮਹਾਂਪੁਰਖਾਂ ਨੂੰ ਬੰਨ੍ਹਾਂ ਉੱਤੇ ਹੱਥੀਂ ਸੇਵਾ ਕਰਦਿਆਂ ਵੇਖ ਕੇ ਚੜ੍ਹਦੀ ਕਲਾ ਵਿਚ ਆ ਜਾਂਦੇ ਸਨ। ਅੱਜ ਮਹਾਂਪੁਰਖ  ਸੰਤ ਬਾਬਾ ਸੁੱਖਾ ਸਿੰਘ ਜੀ ਸਾਡੇ ਨਗਰ ਪਧਾਰੇ ਹਨ, ਅਸੀਂ ਵਡਭਾਗੇ ਹਾਂ। ਅੱਜ ਠੱਠਾ ਨਿਵਾਸੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕਰਨ ਦੀ ਖੁਸ਼ੀ ਲੈ ਰਹੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ  ਜਿੱਥੇ ਕਿਤੇ ਵੀ ਸੰਪਰਦਾਇ ਵਲੋਂ ਸੇਵਾ ਕਾਰਜ ਚਲਦੇ ਹਨ, ਸਾਡੇ ਨਗਰ ਨੂੰ ਜਰੂਰ ਸੇਵਾ ਦੇ ਮੌਕੇ ਦਿੰਦੇ ਰਹਿਣਾ ਜੀ।“ ਇਸ ਸਨਮਾਨ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ,” ਵਾਹਿਗੁਰੂ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਭ ਜੀਆਂ ਨੂੰ ਰਿਜ਼ਕ ਪਹੁੰਚਾਉਣ ਦੀ ਜਿੰਮੇਵਾਰੀ ਉਸ ਮਾਲਕ ਦੀ ਹੈ। ਸਾਡੀ ਚਿੰਤਾਵਾਂ ਬੇਅਰਥ ਹਨ। ਹਰ ਰੋਜ਼ ‘ ਸੋ ਦਰੁ ਰਹਿਰਾਸ ਸਾਹਿਬ’ ਦੇ ਪਾਠ ਵਿਚ ਗੁਰੂ ਅਰਜਨ ਦੇਵ ਜੀ ਸਾਨੂੰ ਏਹੀ ਗੱਲ ਯਾਦ ਦਿਵਾਉਂਦੇ ਹਨ। ਜਿਵੇਂ ਗੁਰਵਾਕ ਹੈ:-“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥“ (ਪੰ। ੧੦) ਸਾਨੂੰ ਚਿੰਤਾਵਾਂ-ਫਿਕਰ ਛੱਡ ਕੇ ਮਨ ਨਾਲ ਨਾਮ ਸਿਮਰਨ ਕਰਨਾ ਚਾਹੀਦਾ ਹੈ ਅਤੇ ਤਨ ਨਾਲ ਸੇਵਾ ਕਰਨੀ ਚਾਹੀਦੀ ਹੈ। ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੰਨ ਬੰਨਣ ਦੀ ਸੇਵਾ ਵਿਚ ਦਿਨ-ਰਾਤ ਲਗਾਤਾਰ ਹਾਜ਼ਰੀਆਂ ਭਰੀਆਂ। ਇਹ ਵੱਡੇ ਕਾਰਜ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਏ ਹਨ। ਸਾਡੇ ਵਲੋਂ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿਚ ਅਰਦਾਸ ਹੈ ਕਿ ਆਪ ਸਭ ਸਦਾ ਚੜ੍ਹਦੀ ਕਲਾ ਵਿਚ ਰਹੋ।” ਸਰਹਾਲੀ ਨਿਵਾਸੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕਰਦੇ ਹੋਏ ਨੰਬਰਦਾਰ ਚੈਨਚਲ ਸਿੰਘ ਜੀ ਨੇ ਆਖਿਆ, “ਸੰਤ ਬਾਬਾ ਸੁੱਖਾ ਸਿੰਘ ਜੀ ਦੀ ਆਪਣੇ ਵੱਡੇ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਚਲਾਈ ਹੋਈ ਸੰਪਰਦਾਇ ਦੀ ਪ੍ਰੰਪਰਾ ਨੂੰ ਪੁਰੀ ਦੁਨੀਆਂ ਵਿਚ ਫੈਲਾ ਰਹੇ ਹਨ। ਬਾਬਾ ਜੀ ਦੀਆਂ ਹੜ੍ਹਾਂ ਵਿਚ ਨਿਭਾਂਈਆਂ ਗਈਆਂ ਸੇਵਾਵਾਂ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਦਾ ਨਾਂ ਪੂਰੀ ਦੁਨੀਆਂ ਵਿਚ ਚਮਕ ਉੱਠਿਆ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਬਹੁਤ ਸੇਧ ਮਿਲੀ ਹੈ।”