ਨਿੱਜੀ ਰੰਜਿਸ਼ ਤਹਿਤ ਕੀਤੀ ਸੀ ਗੁਟਕਾ ਸਾਹਿਬ ਦੀ ਬੇਅਦਬੀ
Sun 30 Jun, 2019 0ਖੰਨਾ:
ਪੁਲਿਸ ਨੇ ਬੀਤੀ 2 ਜੂਨ ਨੂੰ ਸਮਰਾਲਾ ਹਲਕੇ ਦੇ ਪਿੰਡ ਢੀਂਡਸਾ ਵਿਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਪਿੰਡ ਦੇ ਹੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦਾ ਖ਼ੁਲਾਸਾ ਖੰਨਾ ਦੇ ਐਸਪੀ (ਡੀ) ਜਸਵੀਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਫੜਿਆ ਗਿਆ ਮੁਲਜ਼ਮ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਟਰੱਕ ਚਲਾਉਂਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਬੇਅਦਬੀ ਕਰਨ ਵਾਲੇ ਮੁਲਜ਼ਮ ਸਤਵਿੰਦਰ ਸਿੰਘ (52) ਉਰਫ਼ ਸ਼ਿੰਗਾਰਾ ਨੇ ਨਿੱਜੀ ਰੰਜ਼ਿਸ਼ ਕਰਕੇ ਇਹ ਹਰਕਤ ਕੀਤੀ। ਦਰਅਸਲ, ਪਿਛਲੇ ਦਿਨੀਂ ਪਿੰਡ ਢੀਂਡਸਾ ਤਹਿਸੀਲ ਸਮਰਾਲਾ ਵਿਚ ਸਤਿੰਦਰਪਾਲ ਸਿੰਘ ਦੇ ਪਸ਼ੂਆਂ ਵਾਲੇ ਮਕਾਨ ਦੇ ਅੰਦਰ ਤੇ ਬਾਹਰ ਸੜਕ 'ਤੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਮਿਲੇ। ਇਸ ਸਬੰਧੀ ਥਾਣਾ ਸਮਰਾਲਾ ਵਿਚ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ।
ਤਫਤੀਸ਼ ਦੌਰਾਨ ਪੁਲਿਸ ਨੂੰ ਖ਼ਾਸ ਮੁਖ਼ਬਰ ਨੇ ਇਤਲਾਹ ਦਿਤੀ ਕਿ ਸ਼ਿੰਗਾਰੇ ਨੇ ਬੇਅਦਬੀ ਕੀਤੀ ਹੈ। ਦਰਅਸਲ ਸ਼ਿੰਗਾਰੇ ਦਾ ਵਿਆਹ ਨਹੀਂ ਹੋਇਆ ਤੇ ਉਹ ਅਪਣਾ ਟਰੱਕ ਚਲਾਉਂਦਾ ਹੈ। ਉਹ ਕਾਫੀ ਅੜੀਅਲ ਤੇ ਬਦਮਿਜ਼ਾਜ਼ ਕਿਸਮ ਦਾ ਵਿਅਕਤੀ ਹੈ, ਜੋ ਅਕਸਰ ਹੀ ਅਪਣਾ ਟਰੱਕ ਰਸਤੇ ਵਿਚ ਖੜ੍ਹਾ ਕਰਕੇ ਆਉਂਦੇ-ਜਾਂਦੇ ਹਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਹੈ।
ਇਸ ਨੂੰ ਪਹਿਲਾਂ ਸਤਿੰਦਰਪਾਲ ਸਿੰਘ ਨੇ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਕਿ ਉਹ ਪਿੰਡ ਵਾਸੀਆਂ ਨਾਲ ਇਹੋ ਜਿਹਾ ਵਤੀਰਾ ਨਾ ਕਰਿਆ ਕਰੇ ਪਰ ਉਸ ਨੇ ਇਸ ਗੱਲ ਦਾ ਬੁਰਾ ਮਨਾਇਆ ਤੇ ਉਹ ਸਤਿੰਦਰਪਾਲ ਸਿੰਘ ਨਾਲ ਜ਼ਿੱਦ ਰੱਖਣ ਲੱਗ ਪਿਆ। ਉਸ ਨੇ ਮਨ ਵਿੱਚ ਠਾਣ ਲਈ ਕਿ ਸਤਿੰਦਰਪਾਲ ਸਿੰਘ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਕੀਤਾ ਜਾਵੇ।
ਇਸੇ ਦੇ ਚੱਲਦਿਆਂ ਸ਼ਿੰਗਾਰੇ ਨੇ ਸਕੀਮ ਘੜੀ ਕਿ ਘੱਲੂਘਾਰਾ ਹਫ਼ਤੇ ਦੌਰਾਨ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਸਤਿੰਦਰਪਾਲ ਦੇ ਪਸ਼ੂਆਂ ਵਾਲੇ ਵਾੜੇ ਤੇ ਬਾਹਰ ਸੁੱਟ ਦਿਤੇ ਜਾਣ ਤਾਂ ਜੋ ਸਾਰੀਆਂ ਸਿੱਖ ਜੱਥੇਬੰਦੀਆਂ ਸਤਵਿੰਦਰ ਸਿੰਘ ਤੇ ਇਸ ਦੇ ਪਰਿਵਾਰ ਵਿਰੁਧ ਹੋ ਜਾਣ ਤੇ ਇਸ ਦੇ ਵਿਰੁਧ ਮੁਕੱਦਮਾ ਦਰਜ ਹੋ ਜਾਵੇ। ਪੁਲਿਸ ਮੁਤਾਬਕ ਉਕਤ ਮੁਲਜ਼ਮ ਨੇ ਬਰੇਲੀ ਗੁਰਦੁਆਰਾ ਸਾਹਿਬ ਨੇੜੇ ਰੇਲਵੇ ਫਾਟਕ ਪਾਸ ਦੁਕਾਨਾਂ ਤੋਂ ਗੁਟਕਾ ਸਾਹਿਬ ਖਰੀਦਿਆ ਤੇ
ਮਿਤੀ 2-6-19 ਨੂੰ ਸਵੇਰੇ ਕਰੀਬ 3 ਵਜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸਤਿੰਦਰਪਾਲ ਸਿੰਘ ਦੇ ਪਸ਼ੂਆਂ ਵਾਲੇ ਵਾੜੇ ਦੇ ਅੰਦਰ ਤੇ ਬਾਹਰ ਸੁੱਟ ਦਿਤੇ ਤੇ ਆਪ ਟਰੱਕ ਲੈ ਕੇ ਬਾਹਰਲੀ ਸਟੇਟ ਨੂੰ ਚਲਾ ਗਿਆ। ਪੁਲਿਸ ਨੇ ਕੱਲ੍ਹ ਦੁਪਿਹਰ ਤੋਂ ਬਾਅਦ ਪਿੰਡ ਢੀਂਡਸਾ ਵਿੱਚ ਉਸ ਦੀ ਮੋਟਰ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Comments (0)
Facebook Comments (0)