ਕਿਸਾਨ ਆਗੂ ਮਹਿਲ ਸਿੰਘ ਚੋਹਲਾ ਸਾਹਿਬ ਨੂੰ ਯਾਦ ਕਰਦਿਆਂ-ਭੋਗ ਤੇ ਵਿਸ਼ੇਸ਼

ਕਿਸਾਨ ਆਗੂ ਮਹਿਲ ਸਿੰਘ ਚੋਹਲਾ ਸਾਹਿਬ ਨੂੰ ਯਾਦ ਕਰਦਿਆਂ-ਭੋਗ ਤੇ ਵਿਸ਼ੇਸ਼

ਚੋਹਲਾ ਸਾਹਿਬ 16 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਯਾਰਾਂ ਦਾ ਯਾਰ, ਹਸਮੁੱਖ ਸੁਭਾਅ ਦਾ ਮਾਲਕ, ਇਨਕਲਾਬੀ ਵਿਚਾਰਧਾਰਾ ਨੂੰ ਸਮਰਪਿਤ ਮਹਿਲ ਸਿੰਘ ਚੋਹਲਾ ਸਾਹਿਬ ਬੀਤੇ ਦਿਨਾਂ ਆਪਣਾ ਜੀਵਨ ਪੰਧ ਮੁਕਾ ਕੇ , ਇੱਥੋਂ ਸਦਾ ਲਈ ਰੁਖ਼ਸਤ ਹੋ ਗਿਆ। ਮਹਿਲ ਸਿੰਘ ਨੂੰ ਵਿਦਿਆਰਥੀ ਜੀਵਨ ਵੇਲੇ ਹੀ ਸਮਾਜਿਕ ਨਾ-ਬਰਾਬਰੀ ਖ਼ਿਲਾਫ਼ ਜਦੋਂ ਜਹਿਦ ਕਰਨ ਦੀ ਚੇਟਕ ਲੱਗ ਗਈ ਸੀ ਜੋ ਸਾਰੀ ਉਮਰ ਉਸਦੇ ਨਾਲ ਨਿਭੀ। ਉਹ ਆਪਣੇ ਸੰਗੀ ਸਾਥੀਆਂ ਨਾਲ ਮਿਲ ਕੇ ਪਹਿਲਾਂ ਨੌਜਵਾਨ ਭਾਰਤ ਸਭਾ, ਸ਼ਹੀਦ ਯਾਦਗਾਰ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਆਦਿ ਜਥੇਬੰਦੀਆਂ  ਵਿੱਚ ਸਰਗਰਮੀ ਨਾਲ ਕੰਮ ਕਰਦੇ ਰਹੇ ਅਤੇ ਮੌਜੂਦਾ ਸਮੇਂ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਕਮੇਟੀ ਚੋਹਲਾ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਬਚਾਓ ਸੰਘਰਸ਼ ਕਮੇਟੀ ਚੋਹਲਾ ਸਾਹਿਬ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਸਨ। ਕਿਸਾਨ ਸੰਘਰਸ਼ ਦੌਰਾਨ ਉਹ ਬਹੁਤਾ ਸਮਾਂ ਦਿੱਲੀ ਦੇ ਸਿੰਘੂ ਬਾਰਡਰ ਤੇ ਸੰਘਰਸ਼ ਵਿੱਚ ਰਹੇ ਜਿੱਥੋਂ ਕਰੋਨਾ ਦੀ ਲਾਗ ਲੱਗ ਜਾਣ ਕਰਕੇ ਉਹ ਵਾਪਸ ਪਿੰਡ ਆ ਗਏ। ਕਰੋਨਾ ਤੋਂ ਬਾਅਦ ਉਹਨਾ ਨੂੰ ਅਧਰੰਗ ਦੇ ਮਾਰੂ ਰੋਗ ਨੇ ਜਕੜ ਲਿਆ , ਜਿਸ ਨਾਲ ਜੂਝਦਿਆ ਉਹ ਆਖਰ 9 ਨਵੰਬਰ ਨੂੰ ਜ਼ਿੰਦਗੀ ਦੀ ਜੰਗ ਹਾਰ ਗਏ। ਅੱਜ 17 ਨਵੰਬਰ ਦਿਨ ਬੁੱਧਵਾਰ ਨੂੰ ਉਹਨਾ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਅਤੇ ਅੰਤਿਮ ਅਰਦਾਸ ਹਾਲ,ਗੁਰਦੁਆਰਾ ਬਾਬਾ ਭਾਈ ਅਦਲੀ (ਅੰਦਰਲਾ)ਚੋਹਲਾ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਅੱਜ ਉਹਨਾ ਦੇ ਸੰਗੀ ਸਾਥੀ, ਰਿਸ਼ਤੇਦਾਰ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।