ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ

ਚੋਹਲਾ ਸਾਹਿਬ 20 ਅਪ੍ਰੈਲ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ)  
 ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੇ ਪ੍ਰਬੰਧ ਅਧੀਨ  ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬਾਬਾ ਸੁੱਖਾ ਸਿੰਘ ਨੇ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸੱਜਿਆ। ਦੀਵਾਨ ਵਿਚ ਬੰਗਲਾਦੇਸ਼ੀ ਸੰਗਤ ਨੇ ਮਨੋਹਰ ਕੀਰਤਨ ਕੀਤਾ, ਜਿਨ੍ਹਾਂ ਵਿਚ  ਸੁਭਾਸ਼ਿਸ਼ ਦਾਸ, ਸ਼ਿਬੂ ਦਾਸ, ਜੀਤੂ ਦਾਸ, ਡਾ ਐਮ ਕੇ ਰਾਏ, ਦੇਬਾਸ਼ਿਸ਼ ਦਾਸ ਨੇ ਇਲਾਹੀ ਬਾਣੀ ਦੇ ਸ਼ਬਦ ਗਾਇਨ ਕੀਤੇ ਅਤੇ ਸੇਵਕ ਜਥਾ ਜਮਸ਼ੇਦਪੁਰ ਤੋਂ ਬੀਬੀ ਮਨਜੀਤ ਕੌਰ, ਜੋਗਿੰਦਰ ਕੌਰ, ਰਵਿੰਦਰ ਕੌਰ ਨੇ ਵੀ ਹਾਜ਼ਰੀ ਭਰੀ। ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਾ ਇਤਿਹਾਸ ਦਸਦਿਆਂ ਅੰਮ੍ਰਿਤਧਾਰੀ ਹੋ ਕੇ ਖਾਲਸਾਈ ਰਹਿਤ ਬਹਿਤ ਦੇ ਧਾਰਨੀ ਬਣਨ ਦੀ ਪ੍ਰੇਰਨਾ ਕੀਤੀ। ਅਮਰ ਚੰਦ (ਪ੍ਰਧਾਨ, ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ) ਨੇ ਭਾਰਤ ਤੋਂ ਆਏ ਜਥੇ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ ਇਸ ਬੰਗਲਾਦੇਸ਼ੀ ਸਿੱਖ ਇਤਿਹਾਸਕ ਯਾਤਰਾ ਨੂੰ ਹੋਰ ਉਤਸ਼ਾਹਤ ਕਰਨ ਲਈ ਪ੍ਰੇਰਨਾ ਦਿੱਤੀ। ਸੰਪਰਦਾਇ ਸਕੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਵਾਰ ਭਾਰਤ ਤੋਂ 100 ਸ਼ਰਧਾਲੂਆਂ ਦਾ ਜਥਾ ਬੰਗਲਾਦੇਸ਼ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਇਆ ਹੈ ਜੋ 24 ਅਪ੍ਰੈਲ ਨੂੰ ਵਾਪਿਸ ਮੁੜੇਗਾ। ਉਹਨਾਂ ਦੱਸਿਆ ਕਿ ਬਾਬਾ ਸੁੱਖਾ ਸਿੰਘ ਆਪਣੇ ਕਰ ਕਮਲਾਂ ਨਾਲ 21 ਅਪ੍ਰੈਲ ਨੂੰ ਸਵੇਰੇ 10 ਵਜੇ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸੰਗਤ ਟੋਲਾ ਦੇ ਦਰਬਾਰ ਹਾਲ ਦਾ ਨੀਂਹ ਪੱਥਰ  ਰੱਖਣਗੇ । 22 ਅਪ੍ਰੈਲ ਨੂੰ ਗੁਰੂ ਨਾਨਕ ਮੰਦਰ ਮੈਮਨ ਸਿੰਘ ਦੇ ਦਰਸ਼ਨ ਕਰਵਾਏ ਜਾਣਗੇ ਅਤੇ 23 ਅਪ੍ਰੈਲ ਨੂੰ ਢਾਕਾ ਵਿਖੇ ਨਗਰ ਕੀਰਤਨ ਸਜਾਇਆ ਜਾਵੇਗਾ।  ਇਸ ਮੌਕੇ   ਅਜੈਬ ਸਿੰਘ (ਪ੍ਰਧਾਨ, ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕਲਕੱਤਾ),  ਤਪਸ ਲਾਲ ਚੌਧਰੀ (ਜਨਰਲ ਸੈਕਟਰੀ, ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ), ਜਸਪਾਲ ਸਿੰਘ (ਮੈਂਬਰ), ਸੁਮੀਤ ਲਾਲ,ਅਤੇ ਹੋਰ ਕਈ ਪਤਵੰਤੇ ਸੰਗਤ ਵਿਚ ਹਾਜ਼ਰ ਸਨ।