ਬਦਲਦੇ ਦੌਰ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ----ਕਵਲਜੀਤ ਕੌਰ

ਬਦਲਦੇ ਦੌਰ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ----ਕਵਲਜੀਤ ਕੌਰ

ਪੁਰਾਤਨ ਸਮੇਂ ਦੀ ਗੁਰੂ ਸਿਖਿਆਰਥੀ ਪਰੰਪਰਾ ਦੇ ਇਤਿਹਾਸ ਤੇ ਨਜਰ ਮਾਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਪੁਰਾਣੇ ਸਮੇਂ ਵਿੱਚ ਗੁਰੂ ਦੇ ਮੁੱਖ ਵਿੱਚੋਂ ਕੱਢੇ ਗਏ ਹਰ ਬੋਲ ਨੂੰ ਪੂਰਾ ਕਰਨਾ ਸਿਖਿਆਰਥੀ ਆਪਣਾ ਨੈਤਿਕ ਕਰਤੱਵ ਸਮਝਦਾ ਸੀ ਅਤੇ ਗੁਰੂ ਦੇ ਹਰ ਵਚਨ ਨੁੰ ਪੂਰਾ ਕਰਨ ਲਈ ਵੀ ਵਚਨਬੱਧ ਹੁੰਦਾ ਸੀ। ਉਸ ਸਮੇਂ ਗੁਰੂ ਦੁਆਰਾ ਦਿੱਤੀ ਗਈ ਹਰ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਹੋਏ ਸਿਖਿਆਰਥੀ ਆਪਣੇ ਗੁਰੂ ਦੁਆਰਾ ਦੱਸੇ ਗਏ ਮਾਰਗ ਉੱਤੇ ਚੱਲਦਾ ਸੀ।ਗੁਰੂ ਅਤੇ ਸਿਖਿਆਰਥੀ ਦੀ ਇਹ ਪਰੰਪਰਾ ਵਰਤਮਾਨ ਸਮੇਂ ਵਿੱਚ ਵੀ ਅਧਿਆਪਕ ਅਤੇ ਵਿਦਿਆਰਥੀ ਦੇ ਰੂਪ ਵਿੱਚ ਵਿਦਮਾਨ ਹੈ।
ਅਜੋਕੇ ਸਮੇਂ ਵਿੱਚ ਜਦੋਂ ਅਸੀਂ ਵਿਦਿਆਰਥੀ ਅਤੇ ਅਧਿਆਪਕ ਦੋਹਾਂ ਦੇ ਆਪਸੀ ਸੰਬੰਧਾਂ ਦੀ ਸਾਰਥਕਤਾ ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਹਾਂ ਦੇ ਸੰਬੰਧਾਂ ਵਿੱਚ ਸਾਕਾਰਾਤਮਕਤਾ ਹੋਣੀ ਬਹੁਤ ਜਰੂਰੀ ਹੈ ਅਤੇ ਸਮੇਂ ਦੀ ਲੋੜ ਵੀ ਹੈ। ਅੱਜ ਕਲ੍ਹ ਸਕੂਲਾਂ ਅਤੇ ਕਾਲਜਾਂ ਵਿੱਚ ਪੜਦੇ ਵਿਦਿਆਰਥੀਆਂ ਦਾ ਰੁਝਾਨ ਮਨੋਰੰਜਨ ਦੇ ਸਾਧਨਾਂ ਜਿਵੇਂ ਟੀ.ਵੀ. ਤੇ ਖਾਸ ਤੌਰ ਤੇ ਮੋਬਾਇਲ ਤੇ ਇੰਟਰਨੈਟ ਵਲ ਬਹੁਤ ਹੀ ਵਧ ਚੁੱਕਾ ਹੈ। ਜਿਸਦੇ ਸਿੱਟੇ ਵਜੋੋਂ ਵਿਦਿਆਰਥੀ ਜੀਵਨ ਪੜਾਈ ਵੱਲੋਂ ਅਵੇਸਲਾ ਹੋ ਰਿਹਾ ਹੈ ਅਤੇ ਮਨੋਰੰਜਨ ਦੇ ਇਹਨਾਂ ਅਜੋਕੇ ਸਾਧਨਾਂ ਵੱਲ ਵਿਦਿਆਰਥੀਆਂ ਦਾ ਝੁਕਾਅ ਉਹਨਾਂ ਦੀ ਸਫਲਤਾ ਦੇ ਰਸਤੇ ਵਿੱਚ ਰੁਕਾਵਟ ਸਿੱਧ ਹੋ ਰਿਹਾ ਹੈ।ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਵਿਦਿਆਰਥੀ ਆਪਣੇ ਅਧਿਆਪਕ ਦਾ ਸਨਮਾਨ ਕਰਨਾ ਅਤੇ ਉਹਨਾਂ ਦਾ ਕਹਿਣਾ ਮੰਨਣਾ ਵੀ ਭੁੱਲਦੇ ਜਾ ਰਹੇ ਹਨ। ਇਸਦਾ ਮੁੱਖ ਕਾਰਨ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਹੋਣਾ ਹੈ। ਜਿਸ ਕਾਰਨ ਉਹਨਾਂ ਦੇ ਜੀਵਨ ਵਿੱਚ ਅਧਿਆਪਕਾਂ ਤੇ ਮਾਪਿਆਂ ਪ੍ਰਤੀ ਸਤਿਕਾਰ ਘਟਦਾ ਜਾ ਰਿਹਾ ਹੈ। ਵਿਚਾਰ ਕੀਤੀ ਜਾਵੇ ਤਾਂ ਨੈਤਿਕਤਾ ਵਿੱਚ ਗਿਰਾਵਟ ਦਾ ਕਾਰਨ ਵਿਦਿਆਰਥੀਆਂ ਵੱਲੋਂ ਚੰਗੇ ਸਾਹਿਤ ਨਾਲੋਂ ਟੁੱਟਣਾ ਹੈ। ਚੰਗਾ ਸਾਹਿਤ ਮਨੁੱਖ ਨੂੰ ਜਿੰਦਗੀ ਜਿਉਣ ਦੀ ਜਾਚ ਸਿਖਾਉਂਦਾ ਹੈ। ਉਸ ਵਿੱਚ ਸੱਚਾਈ, ਇਮਾਨਦਾਰੀ, ਨਿਸ਼ਠਾ, ਮਿਹਨਤ, ਸਨੇਹ ਤੇ ਆਦਰ ਜਿਹੇ ਨੈਤਿਕ ਗੁਣਾਂ ਦਾ ਸੰਚਾਰ ਸਾਹਿਤ ਰਾਹੀਂ ਹੀ ਮਨੁੱਖ ਵਿੱਚ ਹੁੰਦਾ ਹੈ। ਜਦਕਿ ਅੱਜ ਦੀ ਨੌਜਵਾਨ ਪੀੜੀ ਮੋਬਾਇਲ ਤੇ ਇੰਟਰਨੈਟ ਤੇ ਆਪਣਾ ਜਿਆਦਾ ਸਮਾਂ ਬਤੀਤ ਕਰ ਰਹੀ ਹੈ। ਜਿਹੜਾ ਕਿ ਉਹਨਾਂ ਨੂੰ ਨੈਤਿਕ ਗੁਣਾ ਤੋਂ ਤਾਂ ਵਾਂਝਾਂ ਰੱਖ ਹੀ ਰਿਹਾ ਹੈ ਨਾਲ ਨਾਲ ਅਨੈਤਿਕ ਕੰਮਾਂ ਜਿਵੇਂ ਕਿ ਨਸ਼ਾ, ਅਸ਼ਲੀਲਤਾ, ਧੋਖਾ, ਹਿੰਸਕ ਗਤਿਵਿਧੀਆਂ ਵੱਲ ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਸੋ ਵਿੋਿਦਆਰਥਆਂ ਦੇ ਨੈਤਿਕ ਜੀਵਨ ਨੂੰ ਉੱਚਾ ਚੁੱਕਣ ਲਈ ਉਹਨਾਂ ਨੂੰ ਚੰਗੇ ਅਤੇ ਉਸਾਰੂ ਸਾਹਿਤ ਨਾਲ ਜੋੜਨਾ ਬਹੁਤ ਜਰੂਰੀ ਹੈ। ਇੱਥੇ ਇਕ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।
ਦੂਜੇ ਪਾਸੇ ਅਧਿਆਪਕ ਵਰਗ ਦੀ ਗੱਲ ਕਰੀਏ ਤਾਂ ਅਜਿਹੀ ਹਾਲਤ ਤੇ ਵਿਦਿਆਰਥੀਆਂ ਦੀ ਬਦਲ ਰਹੀ ਮਾਨਸਿਕਤਾ ਨਾਲ ਨਜਿੱਠਣ ਵਿੱਚ ਉਹ ਅਸਮਰਥ ਹੋ ਰਹੇ ਹਨ।ਇਸਦਾ ਮੁੱਖ ਕਾਰਨ ਹੈ ਉਹ ਵਿਦਿਆਰਥੀ ਦੇ ਬਦਲੇ ਸੁਭਾਅ ਦੇ ਕਾਰਨਾਂ ਨੂੰ ਸਮਝੇ ਬਿਨਾਂ ਉਹਨਾਂ ਨਾਲ ਸਖਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਵਿਵਹਾਰ ਵਿੱਚ ਸੰਜਮ ਦੀ ਜਗ੍ਹਾ ਉਤਾਵਲਾਪਨ ਤੇ ਕਠੋਰਤਾ ਨਜਰ ਆੳਂਦੀ ਹੈ ਜਿਸ ਕਾਰਨ ਵਿਦਿਆਰਥੀ ਤੇ ਅਧਿਆਪਕ ਵਿਚਲਾ ਫਾਸਲਾ ਜਿਆਦਾ ਵਧ ਰਿਹਾ ਹੈ।ਵਿਦਿਆਰਥੀਆਂ ਨੂੰ ਸੁਧਾਰਨ ਦੇ ਪੱਖ ਤੋਂ ਉਹਨਾਂ ਨੂੰ ਕਠੋਰ ਸਜਾ ਦੇਣਾ ਸਥਿਤੀ ਨੂੰ ਹੋਰ ਗੰਭੀਰ ਕਰ ਦਿੰਦਾ ਹੈ।
ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਜੀਵਨ ਵਿੱਚ ਉੱਚ ਵਿਚਾਰਾਂ ਦੇ ਧਾਰਨੀ ਬਣਨ ਲਈ ਅਤ ਸਫਲ ਹੋਣ ਲਈ ਸੰਜਮ ੳਤੇ ਸਹਿਣਸ਼ੀਲਤਾ ਹੋਣਾ ਬਹੁਤ ਜਰੂਰੀ ਹੈ। ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਕਠੋਰਤਾ ਤੇ ਕੁੜੱਤਣ ਦੀ ਜਗਹਾਂ ਹਲੀਮੀ, ਵਿਸ਼ਵਾਸ ਤੇ ਮਿਠਾਸ ਦਾ ਹੋਣਾ ਬਹੁਤ ਜਰੂਰੀ ਹੈ। ਇੱਥੇ ਇੱਕ ਅਧਿਆਪਕ ਦੀ ਭੁਮਿਕਾ ਬਹੁਤ ਹੀ ਮਹੱਤਵਪੂਰਨ ਹੈ। ਇੱਕ ਨਿਸ਼ਠਾਵਾਨ, ਕਰਮਸ਼ੀਲ ਤੇ ਜਿੰਮੇਵਾਰ ਅਧਿਆਪਕ ਹੀ ਆਪਣੇ ਗਿਆਨ ਤੇ ਤਜਰਬੇ ਰਾਹੀਂ ਵਿਦਿਆਰਥੀਆਂ ਦਾ ਉਚਿਤ ਮਾਰਗਦਰਸ਼ਨ ਕਰ ਸਕਦਾ ਹੈ ਤੇ ਉਹਨਾਂ ਨੂੰ ਸਹੀ ਸੇਧ ਪ੍ਰਦਾਨ ਕਰ ਸਕਦਾ ਹੈ। ਵਰਤਮਾਨ ਵਿਦਅਿਾਰਥੀ ਦੇ ਮਨੋਵਿਗਿਆਨ ਅਤੇ ਪਰਸਥਿਤੀਆਂ ਨੂੰ ਸਮਝਦੇ ਹੋਏ ਅਧਿਆਪਕ ਨੂੰ ਸੰਜਮ ਅਤੇ ਵਿਵੇਕ ਅਪਣਾਉਂਦੇ ਹੋਏ ਉਸਨੂੰ ਚੰਗੇ ਬੁਰੇ ਅਤੇ ਸਹੀ ਗਲਤ ਦਾ ਫਰਕ ਕਰਨਾ ਸਿਖਾਉਣਾ ਚਾਹੀਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਅਧਿਆਪਕ ਦਾ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜਨ ਪ੍ਰਤੀ ਪ੍ਰੇਰਿਤ ਕਰਨਾ ਜਾਂ ਸਾਹਿਤ ਦੀ ਚੇਟਕ ਲਾਉਣੀ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਉਹਨਾਂ ਵਿੱਚ ਛਿਪਾ ਹੋਏ ਗੁਣਾਂ ਤੋਂ ਜਾਣੂ ਕਰਵਾਉਣਾ ਤੇ ਉਹਨਾਂ ਦਾ ਵਿਕਾਸ ਕਰਨਾ ਬਹੁਤ ਜਰੂਰੀ ਹੈ।ਦੂਜੇ ਪਾਸੇ ਵਿਦਿਆਰਥੀਆਂ ਨੂੰ ਵੀ ਆਪਣੇ ਅਧਿਆਪਕ ਤੋਂ ਸਿੱਖਣ ਅਤੇ ਕੁਝ ਨਾ ਕੁਝ ਲਗਾਤਾਰ ਗ੍ਰਹਿਣ ਕਰਦੇ ਰਹਿਣ ਦੀ ਲਗਨ ਹੋਣੀ ਚਾਹੀਦੀ ਹੈ।
ਸੋ, ਵਿਦਿਆਰਥੀਆਂ ਨੂੰ ਅੱਜ ਦੇ ਮੁਕਾਬਲੇ ਦੇ ਯੁੱਗ ਦਾ ਹਾਣ ਦਾ ਬਣਾਉਣ ਲਈ ਤੇ ਜਿੰਦਗੀ ਵਿੱਚ ਕਾਮਯਾਬ ਬਣਾਉਣ ਲਈ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਨੂੰ ਹੀ ਯਤਨਸ਼ੀਲ ਹੋਣਾ ਪਵੇਗਾ।
ਧੰਨਵਾਦ।

ਕਵਲਜੀਤ ਕੌਰ
ਸਮਾਜਿਕ ਸਿੱਖਿਆ ਮਿਸਟ੍ਰੈੱਸ
ਸ.ਸ.ਸ.ਸਕੂਲ ਬਿੰਜਲ (ਪਟਿਆਲਾ)