ਨੀ ਰੁੱਤੇ ਨੀ ਅੜੀਏ..... - ਅਮਨ ਸੀ ਸਿੰਘ

ਨੀ ਰੁੱਤੇ ਨੀ ਅੜੀਏ..... - ਅਮਨ ਸੀ ਸਿੰਘ

ਆਉਂਦੀਏ ਰੁੱਤੇ
ਜਾਂਦੀਏ ਰੁੱਤੇ
ਕੋਈ ਸੁਨੇਹਾ ਦੇ ਜਾ ਅੜੀਏ

ਸਰਘੀ ਆਪਣਾ
ਰੂਪ ਵਟਾਇਆ
ਤਰਕਾਲੀਂ ਸੀਨੇ
ਦਰਦ ਹੰਢਾਇਆ
ਭਿੰਨਾ ਭਿੰਨਾ ਰੰਗ ਛਿੜਕ ਤੂੰ
ਜਿੰਦ ਦਾ ਕੀ ਭਰਵਾਸਾ ਅੜੀਏ

ਕਣੀਆਂ ਦੇ ਵਿੱਚ
ਹੰਝੂ ਵਸਦੇ
'ਵਾਵਾਂ ਦਾ ਦਿਲ
ਹਉਕੇ ਡਸਦੇ
ਅੱਜ ਸਮੇਂ ਦੀ ਤਲੀ ਦੇ ਉੱਤੇ
ਬੀਜ ਸੁਨਹਿਰਾ ਹਾਸਾ ਅੜੀਏ

ਆਸਾਂ ਦੀ ਆ
ਪੂਣੀ ਵੱਟੀਏ
ਰੇਸ਼ਮ ਰੇਸ਼ਮ
ਸੁਪਨੇ ਕੱਤੀਏ
ਆਪਣੀ ਸੂਹੀ ਕੰਨੀ ਬੱਧਾ
ਕੋਈ ਭਰੋਸਾ ਦੇ ਜਾ ਅੜੀਏ

ਸੂਰਜ ਕਿਰਨ
ਮੈਂ ਲੋਚਾਂ ਹਰਦਮ
ਚਾਨਣ ਚਾਨਣ
ਮੈਂ ਸੋਚਾਂ ਹਰਦਮ
ਤੇਰੀਆਂ ਮਹਿਕਾਂ ਜਦ ਭਰਾਂ ਕਲਾਵੇ
ਖਿੜ ਜਾਏ ਦਿਨ ਉਦਾਸਾ ਅੜੀਏ

ਮੈਲ਼ਾ ਬਾਣਾ
ਲਾਹ ਛੱਡਾਂ ਮੈਂ
ਸੁੱਚੜੇ ਬੋਲ
ਪੁਗਾ ਛੱਡਾਂ ਮੈਂ
ਤੇਰੇ ਸੁਨੇਹੇ ਮਾਖਿਓਂ ਮਿੱਠੇ
ਮੈਂ ਹੋ ਜਾਂ ਖੰਡ ਬਤਾਸ਼ਾ ਅੜੀਏ !"