ਖੂਨਦਾਨ ਮਹਾਂ ਦਾਨ-----ਸਨਦੀਪ ਸਿੰਘ ਸਿੱਧੂ
Fri 14 Jun, 2019 0ਖੂਨਦਾਨ ਮਹਾਂ ਦਾਨ-----ਸਨਦੀਪ ਸਿੰਘ ਸਿੱਧੂ
ਅਨੰਤ ਕਾਢਾਂ ਕੱਢੀਆਂ ਗਈਆਂ, ਅਨੇਕਾਂ ਚੀਜ਼ਾਂ ਬਣਾਈਆਂ ਗਈਆਂ ਜੋ ਇਨਸਾਨੀ ਜ਼ਿੰਦਗੀ ਨੂੰ ਤੰਦਰੁਸਤ, ਸੌਖਾ ਤੇ ਖੁਸ਼ਹਾਲ ਬਣਾਉਂਦੀਆਂ ਨੇ। ਤਕਨੀਕ ਨੇ ਪਿੱਛਲੇ 3 ਦਹਾਕਿਆਂ ਵਿੱਚ ਜੋ ਚਾਨਣ ਕੀਤਾ ਓਨੇ ਅੱਖਾਂ ਚੂੰਧਿਆ ਦਿੱਤੀਆਂ। ਦੁਨੀਆ ਦੀ ਇਹੋ ਜਿਹੀ ਕੋਈ ਛੈ ਨਈਂ ਜੋ ਬੰਦੇ ਨੇ ਨਾ ਬਣਾਈ ਹੋਵੇ ਪਰ ਏਨੀ ਤਰੱਕੀ ਦੇ ਬਾਵਜੂਦ ਕੁਝ ਚੀਜ਼ਾਂ ਅੱਜ ਵੀ ਬੰਦੇ ਦੀ ਸੋਚ ਤੇ ਪਹੰਚ ਤੋਂ ਪਰੇ ਦੀ ਗੱਲ ਆ। ਇੱਕ ਏਦਾਂ ਦੀ ਚੀਜ਼ ਜੋ ਹਰ ਪਸ਼ੂ, ਪੰਛੀ ਤੇ ਇਨਸਾਨ ਨੂੰ ਜਿਓੰਦੇ ਰਹਿਣ ਲਈ ਸਭ ਤੋਂ ਜਰੂਰੀ ਆ, ਜੀਦੇ ਨਾ ਹੋਣ ਜਾਂ ਘੱਟ ਹੋਣ ਦਾ ਮਤਲਬ ਆ ਜ਼ਿੰਦਗੀ ਦਾ ਨਾ ਹੋਣਾ। ਮੈਂ ਗੱਲ ਕਰਨ ਡਿਆਂ ਲਹੂ ਦੀ, ਲਹੂ ਕਿਸੇ ਵੀ ਜਿਓਂਦੀ ਜਾਨ ਲਈ ਸਭ ਤੋਂ ਜਰੂਰੀ ਤੱਤ ਆ। ਲਹੂ ਦੀ ਘਾਟ ਕਰਕੇ ਹਰ ਸਾਲ ਬੇਅੰਤ ਜਾਨਾ ਇਸ ਜਹਾਨ ਵਿਚੋਂ ਕੂਚ ਕਰ ਜਾਂਦੀਆਂ ਨੇ, ਕਿਉਂਕ ਦੁਨੀਆ ਦੀ ਏਨੀ ਤਰੱਕੀ ਦੇ ਬਾਵਜੂਦ ਸਾਇੰਸ ਲਹੂ ਦਾ ਬਦਲ ਨਈਂ ਤਿਆਰ ਕਰ ਸਕੀ ਤੇ ਸ਼ਾਇਦ ਨਾ ਕਦੇ ਕਰ ਹੀ ਸਕੇ ਕਿਉਂਕ ਕੁਦਰਤ ਨੇ ਇਸ ਲਾਲ ਰੰਗ ਦੇ ਪਦਾਰਥ ਨੂੰ ਏਦਾਂ ਦਾ ਬਣਾਇਆ ਆ ਕਿ ਇਹਨੂੰ ਸਮਝਣਾ ਵਿਗਿਆਨ ਸਮਝ ਤੋਂ ਪਰੇ ਆ, ਫਿਲਹਾਲ ਤਾਂ ਪਰੇ ਹੀ ਆ, ਆਉਣ ਵਾਲੇ ਸਮੇਂ ਦਾ ਕੁਝ ਕਿਹਾ ਨਈਂ ਜਾ ਸਕਦਾ। ਅੱਜ ਦੇ ਇਸ ਲੇਖ ਵਿੱਚ ਆਪਾਂ ਖੂਨ ਤੇ ਖੂਨਦਾਨ ਨਾਲ ਸੰਬੰਧਿਤ ਕੁਝ ਗੱਲਾਂ ਉੱਤੇ ਨਜ਼ਰ ਮਾਰਾਂਗੇ ਤਾਂ ਜੋ ਇਸ ਅਤਿ ਕੀਮਤੀ ਕੁਦਰਤੀ ਦਾਤ ਬਾਰੇ ਸਾਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਅਸੀਂ ਇਸਨੂੰ ਦੂਜਿਆਂ ਨਾਲ ਵੰਡ ਸਕੀਏ। ਮੇਰੇ ਇਸ ਲੇਖ ਦਾ ਮੁੱਖ ਮਕਸਦ ਲੋਕਾਂ ਨਾਲ ਖੂਨਦਾਨ ਸੰਬੰਧੀ ਓ ਖਾਸ ਜਾਣਕਾਰੀਆਂ ਸਾਂਝੀਆਂ ਕਰਨਾਂ ਆ ਜੋ ਕਿਸੇ ਨੂੰ ਖੂਨਦਾਨ ਲਈ ਪ੍ਰੇਰਿਤ ਕਰ ਸਕੇ ਤੇ ਜਾਗਰੁਕਤਾ ਪੈਦਾ ਕਰ ਸਕੇ ਤੇ ਹਰ ਓ ਸਵਾਲ ਦਾ ਜਵਾਬ ਦੇ ਸਕੇ ਜਿਸ ਕਰਕੇ ਕੋਈ ਬੰਦਾ ਖੂਨਦਾਨ ਕਰਨੋਂ ਡਰਦਾ ਜਾਂ ਝਕਦਾ ਆ।
ਦੁਨੀਆ ਦੇ ਕਾਮਯਾਬ ਦੇਸ਼ਾਂ ਵਿੱਚ ਲਹੂ ਦੀ ਕਮੀ ਨਾਲ ਕਿਸੇ ਦੀ ਜਾਨ ਨਈਂ ਜਾਂਦੀ, ਓਨਾ ਮੁਲਖਾਂ ਨੇ ਆਪਣੇ ਲੋਕਾਂ ਨੂੰ ਏਨਾ ਕੁ ਜਾਗਰੂਕ ਅਤੇ ਵਿਕਸਿਤ ਕੀਤਾ ਹੋਇਆ ਆ ਕਿ ਲਹੂ ਦੀ ਕਮੀ ਕੀ ਹੁੰਦੀ ਸ਼ਾਇਦ ਇਹ ਓਨਾ ਲੋਕਾਂ ਨੂੰ ਪਤਾ ਵੀ ਨਾ ਹੋਵੇ। ਲੋੜ ਵੇਲੇ ਬਹੁਤ ਆਸਾਨੀ ਨਾਲ ਲਹੂ ਦਾ ਪ੍ਰਬੰਧ ਹੋ ਜਾਂਦਾ ਆ, ਪਰ ਸਾਡੇ ਵਰਗੇ ਮੁਲਖਾਂ ਚ ਇਹ ਅੱਜ ਵੀ ਇੱਕ ਬਹੁਤ ਵੱਡਾ ਮਸਲਾ ਆ, ਜਦੋਂ ਕਿਸੇ ਲੋੜ ਵੇਲੇ ਡਾਕਟਰ ਖੂਨ ਦਾ ਪ੍ਰਬੰਧ ਕਰਨ ਲਈ ਕਹਿੰਦੇ ਆ ਤੇ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਐ। ਇਸ ਵਿੱਚ ਵੀ ਕੋਈ ਸ਼ੱਕ ਨਈਂ ਕਿ ਪਿੱਛਲੇ ਕੁਝ ਸਮੇਂ ਵਿੱਚ ਲੋਕ ਬਹੁਤ ਜਾਗਰੂਕ ਹੋਏ ਨੇ, ਬਹੁਤ ਸਾਰੀਆਂ ਸੰਸਥਾਵਾਂ, ਸੋਸਾਈਟੀਆਂ, ਅਦਾਰੇ ਆਦਿ ਹੋਂਦ ਵਿੱਚ ਆਏ ਤੇ ਉਹ ਬਹੁਤ ਮਿਹਨਤ ਕਰ ਰਹੇ ਨੇ ਇਸ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ। ਦਿਨ ਰਾਤ ਦੀ ਮਿਹਨਤ ਸਦਕਾ ਇਹ ਲੋਕ ਲੋੜ ਵੇਲੇ ਬਿਨ੍ਹਾਂ ਕਿਸੇ ਜਾਣ-ਪਛਾਣ ਜਾਂ ਗ਼ਰਜ਼ ਦੇ ਖੂਨ ਮੁਹਈਆ ਕਰਵਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਆ, ਇਹੋ ਜਹੇ ਲੋਕਾਂ ਕਰਕੇ ਈ ਸ਼ਾਇਦ ਅੱਜ ਓ ਜਾਨਾਂ ਬੱਚ ਰਹੀਆਂ ਨੇ ਜੋ ਅਨਪੜਤਾ, ਗਰੀਬੀ, ਵਹਿਮਾਂ ਭਰਮਾਂ ਅਤੇ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਖੂਨ ਦੀ ਘਾਟ ਦੀ ਨਜ਼ਰ ਹੋ ਜਾਂਦੀਆਂ। ਹਰ 2 ਸਕਿੰਟ ਬਾਅਦ ਕਿਸੇ ਨਾ ਕਿਸੇ ਨੂੰ ਖੂਨ ਦੀ ਜਰੂਰਤ ਪੈਂਦੀ ਆ, ਐਕਸੀਡੈਂਟ, ਖੂਨ ਦੀ ਕਮੀ (ਅਨੇਮੀਆ), ਕੈਂਸਰ, ਸਰਜਰੀ ਵੇਲੇ ਜਾਂ ਕਿਡਨੀਆਂ ਨਾਲ ਸੰਬੰਧਿਤ ਕੋਈ ਬਿਮਾਰੀ ਆਦਿ ਮੁੱਖ ਕਾਰਨ ਨੇ ਜਿੰਨ੍ਹਾਂ ਕਰਕੇ ਖੂਨ ਚੜਾਉਣ ਦੀ ਜਰੂਰਤ ਪੈਂਦੀ ਆ।ਏਥੇ ਮੈਂ ਕੁਝ ਅੰਕੜੇ ਤੇ ਤੱਥ ਸਾਂਝੇ ਕਰ ਰਿਹਾ ਹਾਂ ਜਿਸ ਨਾਲ ਸਾਨੂੰ ਇਹ ਅੰਦਾਜ਼ਾ ਹੋ ਜਾਊਗਾ ਕਿ ਆਖਿਰ ਖੂਨਦਾਨ ਕਿਉਂ ਜ਼ਰੂਰੀ ਆ ਤੇ ਏਦੀ ਅਹਿਮੀਅਤ ਕੀ ਆ ਤੇ ਕਿਉਂ ਹਰ ਇਨਸਾਨ ਨੂੰ ਖੂਨਦਾਨ ਮੁਹਿੰਮ ਦਾ ਹਿੱਸਾ ਬਣਨ ਦੀ ਲੋੜ ਆ। ਪੂਰੀ ਦੁਨੀਆ ਚ ਹਰ ਸਾਲ ਲਗਭਗ 10 ਕਰੋੜ ਲੋਕ ਖੂਨਦਾਨ ਕਰਦੇ ਨੇ ਪਰ ਇਹਨਾਂ ਚੋ 70 ਪ੍ਰਤੀਸ਼ਤ ਦੇਸ਼ ਵਿਕਸਿਤ ਦੇਸ ਹਨ ਜਿਨ੍ਹਾਂ ਚ ਲੋਕ ਆਪਣੀ ਮਰਜੀ ਨਾਲ ਨਿਯਮਤ ਖੂਨਦਾਨ ਕਰਦੇ ਨੇ ਪਰ ਭਾਰਤ ਇਸ ਸੂਚੀ ਵਿੱਚ ਸ਼ਾਮਲ ਨਹੀਂ ਆ, ਭਾਰਤ ਵਿੱਚ ਅੱਜ ਵੀ ਖੂਨਦਾਨ ਸੰਬੰਧੀ ਬਹੁਤ ਗ਼ਲਤ ਸੋਚ ਅਤੇ ਜਾਣਕਾਰੀਆਂ ਆਮ ਲੋਕਾਂ ਦੇ ਦਿਲਾਂ ਵਿੱਚ ਘਰ ਕਰੀ ਬੈਠੀਆਂ ਨੇ ਜਿਸ ਕਰਕੇ ਭਾਰਤੀ ਲੋਕ ਖੂਨਦਾਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਅਨਪੜ ਅਤੇ ਪੇਂਡੂ ਵਰਗ। ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਜੇਕਰ ਕਿਸੇ ਵੀ ਦੇਸ਼ ਦੀ 1 ਪ੍ਰਤੀਸ਼ਤ ਅਬਾਦੀ ਵੀ ਖੂਨਦਾਨ ਕਰੇ ਤਾਂ ਉਸ ਦੇਸ਼ ਦੀ ਖੂਨ ਦੀ ਜਰੂਰਤ ਪੂਰੀ ਹੋ ਸਕਦੀ ਆ ਤੇ ਖੂਨ ਦੀ ਕਮੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਆ। ਭਾਰਤ ਚ ਹਰ ਸਾਲ ਲਗਭਗ 1 ਕਰੋੜ 20 ਲੱਖ ਯੂਨਿਟ ਖੂਨ ਦੀ ਲੋੜ ਪੈਂਦੀ ਆ ਜਿਸ ਚੋਂ 90-95 ਲੱਖ ਯੁਨਿਟ ਹੀ ਮਿਲਦੇ ਆ ਬਾਕੀ ਬਚੇ ਲੋੜਵੰਦ ਲੋਕਾਂ ਨੂੰ ਮੌਕੇ ਤੇ ਖੂਨ ਨਹੀਂ ਮਿਲਦਾ ਜਿਸ ਕਰਕੇ ਕਈ ਮੌਤਾਂ ਵੀ ਹੋ ਜਾਂਦੀਆਂ ਨੇ। ਭਾਰਤ ਵਿੱਚ 1 ਲੱਖ ਤੋਂ ਜਿਆਦਾ ਥੇਲੀਸਿਮਿਆ ਦੇ ਮਰੀਜ਼ ਨੇ ਇਹ ਇੱਕ ਅਜਿਹੀ ਬਿਮਾਰੀ ਆ ਜਿਸ ਵਿੱਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਮਰੀਜ ਦਾ ਖੂਨ ਬਦਲਣ ਦੀ ਲੋੜ ਹੁੰਦੀ ਆ ਅਤੇ ਇਹ ਪ੍ਰੀਕਿਰਿਆ ਲਗਾਤਾਰ ਜਾਰੀ ਰਹਿੰਦੀ ਆ। ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਆ ਕਿ ਭਾਰਤ ਵਿੱਚ 10000 ਬੱਚੇ ਹਰ ਸਾਲ ਥੇਲੀਸਿਮਿਆ ਬਿਮਾਰੀ ਦੇ ਨਾਲ ਪੈਦਾ ਹੁੰਦੇ ਹਨ ਮਤਲਬ ਕਿ 1 ਲੱਖ ਥੇਲੀਸਿਮਿਆ ਦੇ ਮਰੀਜਾਂ ਵਿੱਚੋ 10000 ਮਰੀਜ਼ ਨਵ-ਜਨਮੇਂ ਬੱਚੇ ਹੁੰਦੇ ਨੇ, ਹੁਣ ਇਹੋ ਜਹੇ ਕੀ ਕਾਰਨ ਨੇ ਜੋ ਇਹ ਬਿਮਾਰੀ ਜਨਮ ਤੋਂ ਪਹਿਲਾਂ ਈ ਓਹਨਾ ਨੂੰ ਜਕੜ ਚੁੱਕੀ ਆ। ਇੱਕ ਹੋਰ ਬਹੁਤ ਈ ਹੈਰਾਨ ਕਰਨ ਵਾਲਾ ਤੱਥ ਇਹ ਆ ਕਿ ਭਾਰਤ ਚ 1000 ਦੇ ਪਿੱਛੇ ਸਿਰਫ 8 ਲੋਕ ਆਪਣੀ ਮਰਜੀ ਨਾਲ ਨਿਯਮਤ ਖੂਨਦਾਨ ਕਰਦੇ ਨੇ, ਖੂਨਦਾਨ ਦੀ ਏਨੀ ਘੱਟ ਔਸਤ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਆ। ਸਰਕਾਰਾਂ ਕਿਸੇ ਵੀ ਖੇਤਰ ਵਿੱਚ ਆਪਣੀਆਂ ਨਾਕਾਮੀਆਂ ਦੇ ਝੰਡੇ ਗੱਡਣ ਤੋਂ ਗੁਰੇਜ਼ ਨਈਂ ਕਰਦੀਆਂ, ਭਾਰਤ ਦੇ 48 ਜਿਲ੍ਹੇ ਇੰਜ ਦੇ ਨੇ ਜਿੱਥੇ ਬਲੱਡ ਟ੍ਰਾਂਸਫ਼ਿਊਸਨ ਦੀ ਕੋਈ ਸੁਵਿਧਾ ਉਪਲੱਭਧ ਨਹੀਂ ਆ, ਬਲੱਡ ਟ੍ਰਾਂਸਫ਼ਿਊਸਨ ਉਹ ਪ੍ਰੀਕਿਰਿਆ ਹੈ ਜਿਸ
ਦੁਆਰਾ ਖੂਨਦਾਨੀ ਦੇ ਸਰੀਰ ਵਿੱਚੋਂ ਖੂਨ ਕੱਢਿਆ ਜਾਂਦਾ ਹੈ। ਦੁਨੀਆਂ ਦੇ 73 ਦੇਸ਼ ਐਵੇਂ ਦੇ ਆ ਜਿੱਥੇ ਖੂਨ ਦੀ ਲੋੜ ਆਪਣੇ ਪੂਰੀ ਕਰਨ ਲਈ ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਜਾਂ ਖੂਨ ਮੁੱਲ ਵੀ ਲੈਣਾ ਪੈਂਦਾ, ਭਾਰਤ ਉਨ੍ਹਾਂ ਚੋਂ ਇੱਕ ਆ।
ਹੁਣ ਇਹਨਾਂ ਅੰਕੜਿਆਂ ਤੇ ਨਜ਼ਰ ਮਾਰਨ ਤੋਂ ਬਾਅਦ ਅਸੀਂ ਸਤਿਥੀ ਦਾ ਅੰਦਾਜ਼ਾ ਬਹੁਤ ਆਸਾਨੀ ਨਾਲ ਲਾ ਸਕਦੇ ਆਂ ਕਿ ਆਪਣੇ-ਆਪ ਨੂੰ ਦੁਨੀਆਂ ਨਾਲੋਂ ਜ਼ਿਆਦਾ ਤਾਕਤਵਰ ਕਹਿਣ ਤੇ ਦਿਖਾਉਣ ਵਾਲਾ ਭਾਰਤ ਅਤੇ ਭਾਰਤੀ ਇਸ ਆਮ ਅਤੇ ਛੋਟੀ ਜਿਹੀ ਲੋੜ ਨੂੰ ਪੂਰਾ ਕਰਨ ਵਿੱਚ ਵੀ ਅਸਮਰੱਥ ਨੇ। ਕੁਝ ਮੁੱਖ ਕਾਰਨ ਹਨ ਜਿੰਨ੍ਹਾਂ ਕਰਕੇ ਲੋਕ ਖੂਨਦਾਨ ਤੋਂ ਡਰਦੇ ਨੇ, ਝਕਦੇ ਨੇ ਜਾਂ ਬਚਣ ਦੀ ਕੋਸ਼ਿਸ਼ ਕਰਦੇ ਨੇ। ਪਿੱਛਲੇ ਕੁਝ ਸਾਲਾਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਣ ਕਰਕੇ ਹਰ ਤਰਾਂ ਦੇ ਬੰਦੇ ਨਾਲ ਵਾਹ ਪੈਂਦਾ ਆ ਜਿਸ ਕਰਕੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦਾ ਮੌਕਾ ਵੀ ਮਿਲਦਾ ਆ, ਇਸ ਵਿਸ਼ਲੇਸ਼ਣ ਜਾਂ ਤਜ਼ਰਬੇ ਅਤੇ ਹੋਰ ਸ੍ਰੋਤਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਖੂਨਦਾਨ ਨਾ ਕਰਨ ਦੇ ਕੁਝ ਕਾਰਨ ਹਨ, ਜੇਕਰ ਤੁਸੀਂ ਵੀ ਖੂਨਦਾਨ ਨਈਂ ਕਰਦੇ ਅਤੇ ਤੁਹਾਡੇ ਮਨ ਚ ਕਿਸੇ ਕਿਸਮ ਦਾ ਕੋਈ ਡਰ ਜਾਂ ਸਵਾਲ ਆ ਤਾਂ ਮੇਰੇ ਦੱਸੇ ਕਾਰਨਾਂ ਵਿੱਚੋ ਤੁਸੀਂ ਆਪਣਾ ਕਾਰਨ ਅਤੇ ਸਵਾਲਾਂ ਦੇ ਜਵਾਬ ਵੀ ਲੱਭ ਸਕਦੇ ਹੋ।
1- ਖੂਨਦਾਨ ਕਰਨ ਨਾਲ ਕਮਜ਼ੋਰੀ ਆ ਜਾਂਦੀ ਆ ਤੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਆ।
2- ਖੂਨਦਾਨ ਕਰਨ ਵੇਲੇ ਲੱਗਣ ਵਾਲੀ ਸੂਈ ਤੋਂ ਹੋਣ ਵਾਲੀ ਪੀੜ ਦਾ ਡਰ।
3- ਖੂਨ ਵੇਖ ਕੇ ਮਨ ਬੇਚੈਨ ਹੋ ਜਾਣਾ।
4- ਖੂਨਦਾਨ ਤੋਂ ਬਾਅਦ ਸਿਹਤ ਨਾਲ ਸੰਬੰਧਿਤ ਕੋਈ ਸਮੱਸਿਆ ਦਾ ਡਰ।
5- ਜੇ ਇੱਕ ਵਾਰੀ ਖੂਨਦਾਨ ਕਰ ਦਿੱਤਾ ਤਾਂ ਮੈਨੂੰ ਬਾਰ-ਬਾਰ ਖੂਨਦਾਨ ਲਈ ਬੁਲਾਇਆ ਜਾਊਗਾ।
ਇਹ ਕੁਝ ਆਮ ਜਿਹੇ ਡਰ ਨੇ ਮਨ ਵਿੱਚ ਜਿੰਨ੍ਹਾਂ ਕਰਕੇ ਕਈ ਲੋਕ ਖੂਨਦਾਨ ਕਰਨ ਤੋਂ ਬਚਦੇ ਨੇ ਜਾਂ ਝਕਦੇ ਨੇ, ਪਰ ਇੱਕ ਗੱਲ ਸਾਫ਼-ਸਾਫ਼ ਕਹਿਣੀ ਚਾਉਂਦਾ ਹਾਂ ਕਿ ਇਹ ਸਭ ਡਰ ਬੇਬੁਨਿਆਦ ਨੇ, ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਈਂ ਆਉਂਦੀ ਕਿਉਂਕਿ ਸਾਡੇ ਸਰੀਰ ਵਿੱਚੋਂ ਸਿਰਫ ਓਨਾ ਹੀ ਖੂਨ ਕੱਢਿਆ ਜਾਂਦਾ ਹਾਂ ਜਿਸ ਕਾਰਨ ਸਾਡੇ ਸਰੀਰ ਨੂੰ ਕੋਈ ਸਮੱਸਿਆ ਨਾ ਹੋਵੇ। ਸਰੀਰ ਵਿੱਚ ਕੁੱਲ 7-8 ਲੀਟਰ ਖੂਨ ਹੁੰਦਾ ਜਿਸ ਵਿੱਚੋਂ ਸਿਰਫ 470ਮਿ:ਲੀ ਹੀ ਕੱਢਿਆ ਜਾਂਦਾ ਐ ਜੋ ਕਿ ਪੂਰੇ ਖੂਨ ਦਾ 8 ਪ੍ਰਤੀਸ਼ਤ ਹੀ ਬਣਦਾ ਆ ਇਸ ਲਈ ਇਹ ਡਰ ਮਨ ਵਿੱਚੋਂ ਕੱਢ ਦੇਣਾ ਚਾਈਦਾ ਆ ਕਿ ਮੇਰਾ ਖੂਨ ਘੱਟ ਜਾਊਗਾ। ਖੂਨਦਾਨ ਕਰਨ ਵੇਲੇ ਕਿਸੇ ਕਿਸਮ ਦੀ ਕੋਈ ਪੀੜ੍ਹ ਜਾਂ ਪ੍ਰੇਸ਼ਾਨੀ ਨਈਂ ਆਉਂਦੀ, ਸੂਈ ਤੋਂ ਹੋਣ ਵਾਲੀ ਪੀੜ ਏਨੀ ਨਾ-ਮਾਤਰ ਆ ਕਿ ਕੁਝ ਇਸ ਪੀੜ੍ਹ ਨੂੰ ਖ਼ਤਮ ਹੋਣ ਲਈ ਕੁਝ ਸਕਿੰਟ ਹੀ ਲਗਦੇ ਨੇ, ਜ਼ਿਆਦਾ ਤੋਂ ਜ਼ਿਆਦਾ ਇੱਕ ਕੀੜੀ ਲੜਨ ਵੇਲੇ ਜਿੰਨੀ ਪੀੜ੍ਹ ਹੁੰਦੀ ਐ ਓਨੀ ਕੁ ਪੀੜ੍ਹ ਸੂਈ ਚੁਬਣ ਦੀ ਹੁੰਦੀ ਆ ਇਸ ਲਈ ਇਹ ਪੀੜ੍ਹ ਕੋਈ ਏਡਾ ਵੱਡਾ ਕਾਰਨ ਨਈਂ ਆ ਕਿ ਕਿਸੇ ਨੂੰ ਨਵੀਂ ਜ਼ਿੰਦਗੀ ਜੀਣ ਤੋਂ ਰੋਕ ਸਕੇ। ਕਈ ਲੋਕਾਂ ਦਾ ਮਨ ਖੂਨ ਵੇਖ ਕੇ ਵਿਚਲਿਤ ਜਾਂ ਬੇਚੈਨ ਹੋ ਜਾਂਦਾ ਆ, ਇਹ ਮਨ ਦੀ ਇੱਕ ਅਜਿਹੀ ਅਵੱਸਥਾ ਆ ਜਿਸ ਵਿੱਚ ਕਿਸੇ ਦਾ ਕੋਈ ਵੱਸ ਨਈਂ, ਪਰ ਇਸਦਾ ਮਤਲਬ ਇਹ ਨਈਂ ਕਿ ਇਸਨੂੰ ਸਹੀ ਨਈਂ ਕੀਤਾ ਜਾ ਸਕਦਾ। ਸਾਨੂੰ ਆਪਣੇ-ਆਪ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਉਹ ਇੱਕ ਬਹੁਤ ਵਧੀਆ ਕੰਮ ਕਰਨ ਜਾ ਰਿਆ ਆ, ਜਿਸ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਮਿਲੂਗੀ, ਜੇ ਉਸਦਾ ਇਹ ਇੱਕ ਛੋਟਾ ਜਿਆ ਕਦਮ ਐਨਾ ਵੱਡਾ ਕੰਮ ਕਰ ਸਕਦਾ ਆ ਤਾਂ ਇਸ ਡਰ ਦਾ ਕੋਈ ਵਜੂਦ ਨਈਂ, ਆਪਣੇ ਵੱਲੋਂ ਆਪਣੇ ਮਨ ਨਾਲ ਕੀਤੀ ਇਸ ਤਰਾਂ ਦੀ ਸਲਾਹ ਸਾਨੂੰ ਇਸ ਅਵੱਸਥਾ ਤੇ ਕਾਬੂ ਪਾਉਣ ਦੀ ਤਾਕਤ ਦੇ ਸਕਦੀ ਆ। ਫ਼ਿਰ ਵੀ ਜੇ ਮਨ ਕਾਬੂ ਨਈਂ ਆਉਂਦਾ ਤਾਂ ਸਭ ਤੋਂ ਸੌਖਾ ਤਰੀਕਾ ਇਹ ਆ ਕਿ ਤੁਸੀਂ ਸੂਈ ਲੱਗਣ ਤੋਂ ਖੂਨ ਨਿਕਲਣ ਤੱਕ ਦੀ ਸਾਰੀ ਪ੍ਰੀਕ੍ਰਿਆ ਨੂੰ ਵੇਖੋ ਹੀ ਨਾ, ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਵੋ। ਅਜਿਹਾ ਕੋਈ ਵੀ ਬਹਾਨਾਂ ਜਾਂ ਕਾਰਨ ਨਾ ਲੱਭੋ ਕਿ ਜਿਸ ਨਾਲ ਤੁਸੀਂ ਖੂਨਦਾਨ ਤੋਂ ਬੱਚ ਸਕੋ ਕਿਉਂਕਿ ਖੂਨਦਾਨ ਕਰਨ ਨਾਲ ਜਿੱਥੇ ਕਿਸੇ ਦੂਜੇ ਨੂੰ ਫ਼ਾਇਦਾ ਆ ਓਥੇ ਆਪਣੀ ਸਿਹਤ ਨੂੰ ਵੀ ਬਹੁਤ ਫ਼ਾਇਦੇ ਨੇ ਮਾਹਿਰਾਂ ਦਾ ਕਹਿਣਾ ਆ ਕਿ ਖੂਨਦਾਨ ਕਰਨ ਨਾਲ ਦਿਲ ਦਾ ਦੌਰਾ ਅਤੇ ਕੈਂਸਰ ਦੀ ਸੰਭਾਵਨਾ ਕੁਝ ਪ੍ਰਤੀਸ਼ਤ ਤੱਕ ਘੱਟ ਜਾਂਦੀ ਆ ਇਸਤੋਂ ਇਲਾਵਾ ਖੂਨਦਾਨ ਕਰਨ ਨਾਲ ਲਿਵਰ ਤੰਦਰੁਸਤ ਰਹਿੰਦਾ ਆ। ਖੂਨਦਾਨ ਤੋਂ ਪਹਿਲਾਂ ਹੋਣ ਵਾਲੇ ਟੈਸਟਾਂ ਦੁਆਰਾ ਸਰੀਰ ਦੀ ਪੂਰੀ ਜਾਂਚ ਹੋ ਜਾਂਦੀ ਐ ਜਿਸ ਨਾਲ ਸਾਨੂੰ ਸਾਡੀ ਤੰਦੂਰਸਤੀ ਦਾ ਵੀ ਪਤਾ ਲੱਗ ਜਾਂਦਾ ਆ, ਖੂਨ ਦਾਨੀ ਹੋਣ ਕਰਕੇ ਤੁਹਾਡੇ ਇਹ ਟੈਸਟ ਮੁਫ਼ਤ ਹੋ ਜਾਂਦੇ ਹਨ ਜਿਸਦੇ ਪੈਸੇ ਖੂਨ ਲੈਣ ਵਾਲੇ ਹਸਪਤਾਲ ਜਾਂ ਬਲੱਡ ਬੈਂਕ ਨੂੰ ਅਦਾ ਕਰਦੇ ਨੇ। ਇੱਕ ਵਾਰੀ ਖੂਨਦਾਨ ਕਰਨ ਤੋਂ ਬਾਅਦ 12 ਹਫਤਿਆਂ ਬਾਅਦ ਮੁੜਕੇ ਖੂਨਦਾਨ ਕੀਤਾ ਜਾ ਸਕਦਾ ਇਸ ਲਈ ਇਸ ਗੱਲ ਲਈ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਈਂ ਕਿ ਮੈਨੂੰ ਬਾਰ-ਬਾਰ ਬੁਲਾਇਆ ਜਾਵੇਗਾ, ਉਂਜ ਵੀ ਹਰ ਤੰਦਰੁਸਤ ਬੰਦੇ ਨੂੰ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਜਰੂਰ ਕਰਨਾ ਚਾਈਦਾ ਆ। ਉਮੀਦ ਆ ਕਿ ਸਾਰੇ ਵਹਿਮਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਹੁਣ ਅਸੀਂ ਖੂਨਦਾਨ ਨੂੰ ਨਾਂਹ ਨਈਂ ਕਵਾਂਗੇ।
ਹੁਣ ਗੱਲ ਕਰਦੇ ਆਂ ਕਿ ਖੂਨਦਾਨ ਕਿੰਨੀ ਤਰਾਂ ਦਾ ਹੁੰਦਾ ਆ, ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਬਾਰੇ ਨਈਂ ਪਤਾ ਕਿ ਖੂਨਦਾਨ ਦੀਆਂ ਵੀ ਕਿਸਮਾਂ ਹੁੰਦੀਆਂ ਨੇ, ਮਰੀਜ਼ ਦੀ ਹਾਲਾਤ ਅਤੇ ਲੋੜ ਦੇ ਹਿਸਾਬ ਨਾਲ ਖੂਨ ਵਿੱਚੋ ਵੱਖ-ਵੱਖ ਤੱਤ ਕੱਢ ਕੇ ਮਰੀਜ਼ ਨੂੰ ਚੜਾਏ ਜਾਂਦੇ ਨੇ। ਮੈਂ ਮੁੱਖ 3 ਤੱਤਾਂ ਦੀ ਜਾਣਕਾਰੀ ਸਿੱਧੇ ਤੇ ਆਮ ਸ਼ਬਦਾਂ ਵਿੱਚ ਸਾਂਝੀ ਕਰ ਰਿਆ ਹਾਂ ਤਾਂ ਜੋ ਸਾਰਿਆਂ ਨੂੰ ਸੌਖੇ ਹੀ ਸਮਝ ਆ ਜਾਣ। ਆਮ 3 ਮੁੱਖ ਕਿਸਮਾਂ ਨੇ ਖੂਨਦਾਨ ਜਿੰਨੂ ਪੂਰੇ ਖੂਨ ਦਾ ਦਾਨ ਵੀ ਕਹਿੰਦੇ ਨੇ, ਪਲੈਟਲੇਟ ਜਿੰਨੂ ਸੈੱਲ ਵੀ ਕਹਿੰਦੇ ਨੇ ਅਤੇ ਪਲਾਜਮਾ। ਅਸੀਂ ਜਾਦਾ ਡੂੰਗਾਈ ਵਿੱਚ ਜਾਣ ਦੀ ਬਜਾਏ ਸਿਰਫ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੀ ਨੇ ਤੇ ਕਿਵੇਂ ਸਰੀਰ ਵਿੱਚੋਂ ਕੱਢੇ ਜਾਂਦੇ ਨੇ। ਜਿਆਦਾਤਰ ਲੋਕ ਪੂਰੇ ਖੂਨ ਦਾ ਦਾਨ ਕਰਦੇ ਨੇ ਜਿਸ ਵਿੱਚ ਲਾਲ ਸੈੱਲ, ਚਿੱਟੇ ਸੈੱਲ, ਪਲਾਜਮਾ, ਪਲੈਟਲੇਟ ਅਤੇ ਹੋਰ ਤੱਤ ਮੌਜੂਦ ਹੁੰਦੇ ਨੇ, ਇਹ ਸਾਰਾ ਕੁਝ ਜਿਓਂ ਦਾ ਤਿਉਂ ਮਰੀਜ਼ ਨੂੰ ਚੜਾ ਦਿੱਤਾ ਜਾਂਦਾ ਹੈ। ਦੂਜੀ ਕਿਸਮ ਹੈ ਪਲਾਜਮਾ, ਇਹ ਖੂਨ ਵਿੱਚ ਮੌਜੂਦ ਹਲਕੇ ਪੀਲੇ ਰੰਗ ਦਾ ਇੱਕ ਤਰਲ ਪਦਾਰਥ ਹੁੰਦਾ ਆ। ਪਲਾਜ਼ਮਾ ਇੱਕ ਖਾਸ ਕਿਸਮ ਦੀ ਮਸ਼ੀਨ ਨਾਲ ਸਰੀਰ ਵਿਚੋਂ ਕੱਢਿਆ ਜਾਂਦਾ ਆ, ਮਸ਼ੀਨ ਥੋੜ੍ਹਾ ਜਿਆ ਲਹੂ ਸਰੀਰ ਵਿੱਚੋਂ ਕੱਢ ਕੇ ਉਸ ਵਿਚੋਂ ਪਲਾਜ਼ਮਾ ਵੱਖ ਕਰਕੇ ਬਾਕੀ ਲਹੂ ਫਿਰ ਵਾਪਸ ਸਰੀਰ ਵਿੱਚ ਭੇਜ ਦੇਂਦੀ ਆ, ਇਹ ਪ੍ਰੀਕ੍ਰਿਆ ਕਈ ਵੇਰ ਦੁਹਰਾਈ ਜਾਂਦੀ ਆ ਜਦੋਂ ਤੱਕ ਲੋੜੀਂਦੀ ਮਾਤਰਾ ਵਿੱਚ ਪਲਾਜ਼ਮਾ ਹਾਸਲ ਨਈਂ ਹੋ ਜਾਂਦਾ। ਤੀਜੀ ਕਿਸਮ ਆ ਪਲੈਟਲੇਟ ਜਾਂ ਸੈੱਲ, ਸੈੱਲ ਡਿਸਕ ਆਕਾਰ ਦੇ ਛੋਟੇ-ਛੋਟੇ ਬਲੱਡ ਸੈੱਲ ਹੁੰਦੇ ਆ, ਇਹਨਾਂ ਨੂੰ ਸਰੀਰ ਵਿੱਚੋਂ ਕੱਢਣ ਦੀ ਪ੍ਰੀਕ੍ਰਿਆ ਵੀ ਪਲਾਜ਼ਮਾ ਕੱਢਣ ਦੀ ਪ੍ਰੀਕਿਰਿਆ ਵਾਂਗੂ ਹੀ ਆ, ਜਿਸ ਵਿੱਚ ਮਸ਼ੀਨ ਸੈੱਲਾਂ ਨੂੰ ਬਾਕੀ ਲਹੂ ਦੇ ਤੱਤਾਂ ਨਾਲੋਂ ਵੱਖਰਾ ਕਰਕੇ ਥੈਲੀ ਵਿੱਚ ਪਾਉਂਦੀ ਆ ਤੇ ਬਾਕੀ ਬਚੇ ਲਹੂ ਨੂੰ ਫ਼ਿਰ ਸਰੀਰ ਵਿੱਚ ਭੇਜ ਦੇਂਦੀ ਆ। ਪੜ੍ਹ ਕੇ ਸ਼ਇਦ ਇਹ ਪ੍ਰੀਕਿਆ ਥੋੜੀ ਔਖੀ ਲੱਗ ਰਹੀ ਹੋਵੇ ਪਰ ਅਸਲੀਅਤ ਵਿੱਚ ਇਹ ਬਹੁਤ ਸੌਖਾ ਅਤੇ ਸੁਰੱਖਿਅਤ ਤਰੀਕਾ ਆ, ਸਾਰਾ ਕੁਝ ਏਨਾ ਤੇਜ਼ੀ ਨਾਲ ਤੇ ਆਸਾਨੀ ਨਾਲ ਹੁੰਦਾ ਆ ਕਿ ਦਾਨ ਕਰਨ ਵਾਲੇ ਨੂੰ ਕੋਈ ਵੀ ਸਮੱਸਿਆ ਨਈਂ ਹੁੰਦੀ।
ਖੂਨਦਾਨ ਕਦੋਂ ਅਤੇ ਕਿੰਨੀ ਵਾਰੀ ਕਰਨਾ ਚਾਈਦਾ ਇਸਦੀ ਜਾਣਕਾਰੀ ਹੋਣੀ ਵੀ ਬਹੁਤ ਜਰੂਰੀ ਆ। ਮਰਦ ਪੂਰੇ ਖੂਨ ਦਾ ਦਾਨ, ਪਿਛਲੇ ਖੂਨਦਾਨ ਦੀ ਤਰੀਕ ਤੋਂ 3 ਮਹੀਨਿਆਂ ਬਾਅਦ ਕਰ ਸਕਦੇ ਆ ਜਾਂ ਸਾਲ ਚ 4 ਵਾਰੀ ਅਤੇ ਔਰਤਾਂ ਸਾਲ ਚ 3 ਵਾਰੀ ਕਰ ਸਕਦੀਆਂ ਨੇ ਕਿਉਂਕਿ ਔਰਤਾਂ ਵਿੱਚ ਮਰਦਾਂ ਦੇ ਮੁਕਾਬਲੇ ਹੀਮੋਗਲੋਬਿਨ ਘੱਟ ਹੁੰਦਾ ਆ। ਪਲਾਜ਼ਮਾ ਦਾਨੀ, ਦਾਨ ਦੀ ਤਰੀਕ ਤੋਂ 28 ਦਿਨ ਬਾਅਦ ਦਾਨ ਕਰ ਸਕਦੇ ਨੇ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਈਦਾ ਆ ਕਿ ਸਾਲ ਵਿੱਚ 10 ਵਾਰ ਤੋਂ ਜ਼ਿਆਦਾ ਨਈਂ। ਇਸੇ ਤਰ੍ਹਾਂ ਸੈੱਲ (ਪਲੈਟਲੇਟ) ਦਾਨੀ, ਦਾਨ ਕਰਨ ਦੀ ਤਰੀਕ ਤੋਂ 2 ਹਫਤਿਆਂ ਬਾਅਦ ਦੋਬਾਰਾ ਦਾਨ ਕਰ ਸਕਦੇ ਨੇ ਪਰ ਸਾਲ ਵਿੱਚ 24 ਵੇਰ ਤੋਂ ਜ਼ਿਆਦਾ ਦਾਨ ਨਈਂ ਕਰਨੇ ਚਾਈਦੇ। ਇਹਨਾਂ ਗੱਲਾਂ ਦਾ ਧਿਆਨ ਰੱਖ ਕਰ ਜਿੱਥੇ ਅਸੀਂ ਕਿਸੇ ਦੂਜੇ ਦੀ ਜ਼ਿੰਦਗੀ ਬਚਾ ਰਹੇ ਆਂ ਓਥੇ ਆਪਣੀ ਸਿਹਤ ਨਾਲ ਵੀ ਖਿਲਵਾੜ ਹੋਣ ਤੋਂ ਬਚ ਸਕਦੇ ਹਾਂ। ਸਹੀ ਅਤੇ ਪੂਰੀ ਜਾਣਕਾਰੀ ਹੋਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਆ।
ਕੁੱਝ ਯਾਦ ਰੱਖਣ ਯੋਗ ਮਹੱਤਵਪੂਰਨ ਗੱਲਾਂ ਜੋ ਹਰ ਕਿਸੇ ਨੂੰ ਪਤਾ ਹੋਣੀਆਂ ਬਹੁਤ ਜਰੂਰੁ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਖੂਨਦਾਨ ਪ੍ਰਤੀ ਜਾਗਰੂਕ ਹੋਣ ਤੇ ਲੋੜ ਵੇਲੇ ਕਿਸੇ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ
1. ਕੋਈ ਵੀ ਵਿਅਕਤੀ ਜਿਸਦੀ ਉਮਰ 17 ਸਾਲ ਅਤੇ 65 ਸਾਲ ਵਿੱਚ ਆ ਤੇ ਜਿਸਦਾ ਭਾਰ 50ਕਿੱਲੋ ਤੋਂ ਉੱਤੇ ਆ ਉਹ ਖੂਨਦਾਨ ਕਰ ਸਕਦਾ ਆ।
2. ਖੂਨਦਾਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਭੋਜਨ ਖਾਧਾ ਹੋਣਾ ਜਰੂਰੀ ਆ, ਕਦੇ ਵੀ ਭੁੱਖੇ ਢਿੱਡ ਖੂਨਦਾਨ ਲਈ ਨਾ ਜਾਓ।
3. ਖੂਨਦਾਨ ਤੋਂ ਤੁਰੰਤ ਬਾਅਦ ਨਾ ਉੱਠੋ ਜਾਂ ਕੋਈ ਕੰਮ ਸ਼ੁਰੂ ਨਾ ਕਰੋ, ਖੂਨਦਾਨ ਕਰਨ ਮਗਰੋਂ ਜੋ ਖਾਣ-ਪੀਣ ਨੂੰ ਸਮਾਨ ਮਿਲਦਾ ਆ ਉਹ ਖਾਓ ਅਤੇ 15-20 ਮਿੰਟ ਰੁੱਕ ਕੇ ਫ਼ਿਰ ਆਪਣੇ ਕੰਮਾਂ-ਕਾਰਾਂ ਨੂੰ ਮੁੜ ਸ਼ੁਰੂ ਕਰ ਸਕਦੇ ਹੋ।
4. ਖੂਨਦਾਨ ਮਗਰੋਂ ਕੋਈ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਕੁਝ ਸਮਾਂ ਅਰਾਮ ਕਰ ਲਓ।
5. ਖੂਨਦਾਨ ਮਗਰੋਂ 24 ਘੰਟਿਆਂ ਤੱਕ ਕੋਈ ਭਾਰਾ ਕੰਮ ਜਾਂ ਕਸਰਤ ਵਗੈਰਾ ਨਾ ਕਰੋ।
6. ਤੁਸੀਂ ਕਿਸੇ ਨੂੰ ਜੀਵਨ ਦਾਨ ਦਿੱਤਾ ਆ ਇਸ ਗੱਲ ਦੀ ਖੁਸ਼ੀ ਮਹਿਸੂਸ ਕਰੋ ਅਤੇ ਆਪਣੇ ਇਨਸਾਨੀ ਗੁਣਾ ਨੂੰ ਹੋਰ ਨਿਖਾਰਨ ਲਈ ਆਪੇ ਨੂੰ ਪ੍ਰੇਰਿਤ ਕਰੋ
ਆਓ ਸਾਰੇ ਰਲ ਮਿਲ ਕੇ ਖੂਨਦਾਨ ਕਰੀਏ ਅਤੇ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਖੂਨ ਦੀ ਕਮੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਅਨੇਕਾਂ ਇਹੋ ਜਿਹੀਆਂ ਜਾਨਾਂ ਨੂੰ ਬਚਾਈਏ ਜੋ ਸਮੇਂ ਸਿਰ ਖੂਨ ਨਾ ਮਿਲਣ ਕਰਕੇ ਦੁਨੀਆ ਨੂੰ ਅਲਵਿਦਾ ਕਹਿ ਜਾਂਦੀਆਂ ਨੇ। ਤੁਸੀਂ ਸਾਡੇ ਨਾਲ ਜੁੜ ਕੇ ਇਸ ਮੁਹਿੰਮ ਦਾ ਹਿੱਸਾ ਵੀ ਬਣ ਸਕਦੇ ਹੋ, ਸਾਡੇ ਵੱਲੋਂ ਦਿੱਤਾ ਇਹ ਤੋਹਫ਼ਾ ਬਹੁਤ ਅਨਮੋਲ ਆ ਜੋ ਹਮੇਸ਼ਾਂ ਖੁਸ਼ੀਆਂ ਦਾ ਸੁਨੇਹਾ ਦਿੰਦਾ ਆ।
ਸਨਦੀਪ ਸਿੰਘ ਸਿੱਧੂ
ਮੋਬਾਇਲ 9463661542
Comments (0)
Facebook Comments (0)