ਪੰਜਾਬ ਚੋਂ ਪੜ੍ਹਾਈ ਓਹਲੇ ਹਿਜ਼ਰਤ -------ਡਾ ਬਲਜਿੰਦਰ ਸਿੰਘ

ਪੰਜਾਬ ਚੋਂ ਪੜ੍ਹਾਈ ਓਹਲੇ ਹਿਜ਼ਰਤ -------ਡਾ ਬਲਜਿੰਦਰ ਸਿੰਘ

ਪੰਜਾਬ ਚੋਂ ਪੜ੍ਹਾਈ ਓਹਲੇ ਹਿਜ਼ਰਤ -------ਡਾ ਬਲਜਿੰਦਰ ਸਿੰਘ

 

ਮਨੁੱਖ ਜਾਤੀ ਦੇ ਇਸ ਗ੍ਰਹਿ ’ਤੇ ਆਮਦ ਨਾਲ ਹੀ ਪ੍ਰਵਾਸ ਦੇ ਸਿਲਸਿਲੇ ਦਾ ਮੁੱਢ ਬੱਝ ਜਾਂਦਾ ਹੈ। ਆਦਿ ਕਾਲ ਤੋਂ ਹੀ ਆਪਣੇ ਭੋਜਨ ਦੀ ਤਲਾਸ਼ ’ਚ ਮਨੁੱਖ ਆਪਣੇ ਨੇੜੇ ਤੇੜੇ ਪ੍ਰਵਾਸ ਕਰਦਾ ਆ ਰਿਹਾ ਹੈ।  ਹੜ੍ਹ, ਸੋਕਾ, ਬਿਮਾਰੀ, ਅੱਗ, ਭੂਚਾਲ ਆਦਿ ਵਰਗੇ ਕੁਦਰਤੀ ਵਰਤਾਰਿਆਂ ਸਾਂਹਵੇ ਮਨੁੱਖ ਨਿਤਾਣਾ ਮਹਿਸੂਸ ਕਰਦਾ ਸੀ। ਮੁਆਫ਼ਕ ਮੌਸਮ ਨਾ ਹੋਣ ਕਾਰਨ, ਭੁੱਖਮਰੀ ਅਤੇ ਮੌਤ ਸਾਹਵੇਂ ਪ੍ਰਵਾਸ ਕਰਕੇ ਮੁਕਾਬਲਤਨ ਵੱਧ ਮੁਆਫ਼ਕ ਖੇਤਰਾਂ ਵਿੱਚ ਚਲੇ ਜਾਣ ਦਾ ਰੁਝਾਨ ਮਨੁੱਖ ਜਾਤੀ ਦੇ ਨਾਲ ਨਾਲ ਸਮੁੱਚੀ ਜੀਵ ਜਾਤੀ ’ਚ ਵੀ ਪਾਇਆ ਜਾਂਦਾ ਹੈ। ਪ੍ਰਵਾਸੀ ਪੰਛੀ ਕੂੰਜਾਂ ਤੋਂ ਕੌਣ ਵਾਕਫ਼ ਨਹੀਂ ਹੈ , ਇਹ ਪੰਛੀ ਸਾਇਬੇਰੀਆ ਦੀਆਂ ਠੰਢੀਆਂ ਯੱਖ ਹਵਾਵਾਂ ’ਚੋਂ ਉਡਾਰੀ ਮਾਰਕੇ ਧੁਰ ਦੱਖਣ ਵੱਲ ਕੂਚ ਕਰਕੇ ਭਾਰਤ ਦੇ ਊਸ਼ਣ ਜਲਵਾਯੂ ਵਾਲੇ ਖੇਤਰਾਂ ਵਿਚ ਆ ਡੇਰੇ ਲਾਉਂਦੀਆਂ ਨੇ ਅਤੇ ਮੌਸਮ ਬਦਲਦੇ ਸਾਰ ਮੁੜ ਚਾਲੇ ਪਾ ਜਾਂਦੀਆਂ ਨੇ ।

ਪ੍ਰਵਾਸ ਦੇ ਇੱਕ ਅਜਿਹੇ ਹੀ ਵਿਸ਼ੇ ’ਤੇ ਪੰਜਾਬੀ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਕੈਂਪਸ ਦੇ ਡਾਕਟਰ ਕਮਲਜੀਤ ਸਿੰਘ ਅਤੇ ਡਾਕਟਰ ਰਕਸ਼ਿੰਦਰ ਕੌਰ ਨੇ ਪੰਜਾਬ ਚੋਂ ਪੜ੍ਹਾਈ ਉਹਲੇ ਪ੍ਰਵਾਸ (Educational Migration From Punjab ) ਦੇ ਸਿਰਲੇਖ ਹੇਠ ਅੰਗਰੇਜ਼ੀ ਜ਼ੁਬਾਨ ’ਚ ਲਿਖੀ ਇਕ ਪੁਸਤਕ ਪੰਜਾਬੀ ਲੋਕਾਂ ਦੀ ਝੋਲੀ ਪਾਈ ਹੈ। ਜਿਵੇਂ ਕਿ ਇਸ ਦੇ ਸਿਰਲੇਖ ਤੋਂ ਹੀ ਇਹ ਗੱਲ ਸਪੱਸ਼ਟ ਹੈ ਕਿ ਇਸ ਵਿਚਲਾ ਵਿਸ਼ਾ ਪੰਜਾਬ ਦੇ ਮੁੰਡੇ ਕੁੜੀਆਂ ਦਾ ਆਪਣੀ ਪੜ੍ਹਾਈ ਲਈ ਬਾਹਰਲੇ ਮੁਲਕਾਂ ਵੱਲ ਨੂੰ ਪ੍ਰਵਾਸ ਕਰਨ ਨਾਲ ਸਬੰਧਤ ਹੈ। ਪਰ ਵਿਦਵਾਨ ਲੇਖਕਾਂ ਵੱਲੋਂ ਇਸ ਪੁਸਤਕ ਅੰਦਰ ਦਿੱਤੇ ਇੱਕ ਉਪ ਸਿਰਲੇਖ ਬੇਚੈਨ ਹਕੀਕਤਾਂ ਅਤੇ ਪਾਲੀਆਂ ਉਮੰਗਾਂ ’ਚੋਂ ਇਸ ਗੱਲ ਦੀ ਪਹਿਲੀ ਝਲਕ ਮਿਲਦੀ ਹੈ ਕਿ ਪੜ੍ਹਾਈ ਬਹਾਨੇ ਪਰਵਾਸ ਦੇ ਇਸ ਮਸਲੇ ਦੀਆਂ ਧੁਰ ਜੜ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਹੈ।

ਅਕਾਦਮਿਕ ਖੋਜ ਪਰਚੇ ਦੀ ਸ਼ੈਲੀ ’ਚ ਲਿਖੀ ਗਈ ਇਸ ਪੁਸਤਕ ਨੂੰ ਪੰਜ ਅਧਿਆਇਆਂ ਵਿੱਚ ਵੰਡਿਆ ਗਿਆ ਹੈ। ਵਿਸ਼ੇ ਦੀ ਜਾਣ - ਪਹਿਚਾਣ ਵਾਲੇ ਪਹਿਲੇ ਅਧਿਆਇ ’ਚ ਪੰਜਾਬੀ ਵਿਦਿਆਰਥੀਆਂ ਦੇ ਪਰਵਾਸ ਦੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਵਿਦਿਆ ਦੇ ਕਾਰੋਬਾਰ ਬਣਨ ਨਾਲ  ਆਲਮੀ ਪੱਧਰ ਤੇ ਹੋਏ ਸਮਝੌਤੇ ਨੇ ਪੰਜਾਬੀ ਵਿਦਿਆਰਥੀਆਂ ਸਾਹਮਣੇ ਵਿਕਸਤ ਪੱਛਮੀ ਮੁਲਕਾਂ ਅਤੇ ਆਸਟ੍ਰੇਲੀਆ ਨਿਊਜ਼ੀਲੈਂਡ ਆਦਿ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ’ਚ ਦਾਖਲੇ ਲੈਣ ਦੇ ਮੌਕਿਆਂ ’ਚ ਵੱਡੀ ਪੱਧਰ ਤੇ ਵਾਧਾ ਕੀਤਾ ਹੈ ਅਤੇ ਇਉਂ ਉਹਨਾਂ ਦਾ ਰੁਝਾਣ ਬਾਹਰਲੇ ਮੁਲਕਾਂ ’ਚ ਜਾਕੇ ਪੜਾਈ ਕਰਨ ਵੱਲ ਵਧਿਆ ਹੈ।

ਪਰ ਉਚ-ਵਿਦਿਆ ਪ੍ਰਦਾਨ ਕਰਨ ਵਾਲੀਆਂ ਇਹਨਾਂ ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖਲਾ ਲੈਣ ਲਈ IELTS, TOEFL ਅਤੇ PET ਵਰਗੇ ਅੰਗਰੇਜ਼ੀ ਭਾਸ਼ਾ ਤੇ ਮੁਹਾਰਤ ਨੂੰ ਪਰਖਣ ਵਾਲੇ ਟੈਸਟਾਂ ਦਾ  ਇਕ ਖਾਸ ਪੈਮਾਨਾ ਨਿਰਧਾਰਤ ਕੀਤਾ ਹੋਇਆ ਹੈ। ਇਹਨਾਂ ਟੈਸਟਾਂ ’ਚ ਉਸ ਘੱਟੋ ਘੱਟ ਮਿਆਰੀ ਮੁਹਾਰਤ ਨੂੰ ਹਾਸਲ ਕਰਨ ਲਈ ਛੋਟੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਮਹਾਂਨਗਰਾਂ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਖੁੱਲ੍ਹੇ ਟਰੇਨਿੰਗ ਸੈਂਟਰਾਂ ਦੀਆਂ ਚਕਾਚੌਂਧ ਰੌਸ਼ਨੀ ਵਾਲੀਆਂ ਮਸ਼ਹੂਰੀਆਂ ਅਤੇ ਰੰਗਬਰੰਗੇ ਦਫ਼ਤਰਾਂ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਪੜ੍ਹਾਈ ਬਹਾਨੇ ਪਰਵਾਸ ਕਰਨ ਲਈ ਕਿਸ ਹੱਦ ਤੱਕ ਤਹੂ ਹੈ। ਇਸ ਵਰਤਾਰੇ ਦੀ ਵਿਆਪਕਤਾ ਦਾ ਅੰਦਾਜਾ ਇਸ ਗੱਲ ਤੋਂ ਵੀ ਸੌਖਿਆਂ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਕਿਸੇ ਵੀ 11ਵੀਂ 12ਵੀਂ ਵਾਲੇ ਵਿਦਿਆਰਥੀ ਨੂੰ ਉਸਦੀ ਅਗਲੀ ਪੜ੍ਹਾਈ ਸਬੰਧੀ ਸੁਆਲ ਕੀਤਾ ਜਾਂਦਾ ਹੈ ਤਾਂ ਝੱਟ ਹੀ ਘੜਿਆ ਘੜਾਇਆ ਜੁਆਬ ਮਿਲਦਾ ਹੈ ਕਿ “ ਐਬਰੋਡ ਸਟੱਡੀ ਕਰਨਾ ਹੈ।”

ਕੁਝ ਤਾਜਾ ਸਟੱਡੀਜ਼ ਦੇ ਹਵਾਲੇ ਨਾਲ ਪ੍ਰਵਾਸ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ  ਪੰਜਾਬ ਵਿਚੋਂ ਨੌਜਵਾਨਾਂ ਨੂੰ ਪ੍ਰਦੇਸ ਜਾਣ ਦੇ ਰਾਹ ਪੈਣ ਦਾ ਇੱਕ ਵੱਡਾ ਕਾਰਨ ਬੇਰੁਜ਼ਗਾਰੀ (ਸਿੰਘ ਅਤੇ ਕਾਹਲੋਂ 2016) ਬਣਦਾ ਹੈ ਕਿਉਂਕਿ ਪੰਜਾਬ ਦੀ ਜਵਾਨੀ ਖੇਤੀ ਅਤੇ ਇਸ ਨਾਲ ਜੁੜੇ ਹੋਏ ਹੋਰ ਰਵਾਇਤੀ ਧੰਦਿਆਂ ਨੂੰ ਅਪਣਾਉਣਾ ਨਹੀਂ ਚਾਹੁੰਦੀ। ਦੂਜਾ ਪੇਂਡੂ ਨੌਜਵਾਨ ਆਪਣੇ ਮੁਲਕ ਅੰਦਰ ਹੀ ਉਪਲੱਬਧ ਰੋਜਗਾਰ ਦੇ ਹੋਰਨਾਂ ਮੌਕਿਆਂ ਦੇ ਮਾਮਲੇ ਵਿੱਚ ਵੀ ਸ਼ਹਿਰੀ ਨੌਜਵਾਨਾਂ ਨਾਲ ਸਖਤ ਮੁਕਾਬਲੇ ’ਚ ਪਛੜ ਜਾਂਦਾ ਹੈ ਕਿਉਂਕਿ ਪੇਂਡੂ ਨੌਜਵਾਨ ਕੋਲ ਰਵਾਇਤੀ ਵਿਦਿਆ ਅਤੇ ਤਕਨੀਕੀ ਮੁਹਾਰਤ ਦੀ ਘਾਟ ਹੈ। ਅਜਿਹੀ ਹਾਲਤ ਵਿੱਚ ਉਹਨਾਂ ਸਾਹਮਣੇ ਪ੍ਰਦੇਸ਼ ਜਾ ਕੇ ਕੰਮ ਦੇ ਮੌਕਿਆਂ ਦੀ ਤਲਾਸ਼ ਕਰਨਾ ਅਤੇ ਉੱਥੇ ਵਸਣਾ ਹੀ ਇਕੋ ਇਕ ਰਾਹ ਬਾਕੀ ਰਹਿ ਜਾਂਦਾ ਹੈ। ਪ੍ਰਸਿੱਧ ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ (2016 ) ਦਾ ਕਹਿਣਾ ਹੈ ਕਿ ਪੰਜਾਬ ਕੋਲ ਨੌਜਵਾਨਾਂ ਨੂੰ ਕੋਈ ਲਾਹੇਵੰਦ ਰੁਜਗਾਰ ਦੇਣ ਦੀ ਕੋਈ ਸਕੀਮ ਹੀ ਨਹੀਂ ਹੈ। ਖੇਤੀ ਖੇਤਰ ਵਿੱਚ ਰੁਜਗਾਰ ਦੇ ਵਸੀਲਿਆਂ ’ਚ ਭਾਰੀ ਕਟੌਤੀ ਦਰਜ ਕੀਤੀ ਗਈ ਹੈ । ਅਜਿਹੀ ਹਾਲਤ ਦੇ ਮੱਦੇਨਜ਼ਰ ਸਾਹਾ ਨੇ 2012 ਦੇ ਆਪਣੇ ਅਧਿਐਨ ’ਚ ਦੱਸਿਆ ਹੈ ਕਿ ਅੱਜ ਹਾਲਤ ਇਹ ਹੈ ਕਿ ਔਸਤਨ ਹਰ ਪੰਜਾਬੀ ਕਾਨੂੰਨੀ ਜਾਂ ਗੈਰ ਕਾਨੂੰਨੀ ਹਰ ਹੀਲਾ ਵਰਤਕੇ ਬਾਹਰਲੇ ਮੁਲਕ ਵਿਚ ਪਰਵਾਸ ਕਰਨ ਲਈ ਉਤਾਵਲਾ ਹੈ ।

ਪੜ੍ਹਾਈ ਲਈ ਪਰਵਾਸ ਦੇ ਇਤਿਹਾਸ ਦੇ ਸਬੰਧ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਰਵਾਇਤ ਦਾ ਇਤਿਹਾਸ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਹੈ । ਚੌਥੀ ਸ਼ਤਾਬਦੀ ’ਚ ਨਾਲੰਦਾ ਦੇ  ਵਿਸ਼ਵਵਿਦਿਆਲੇ ’ਚ ਨੇਪਾਲ, ਤਿਬੱਤ, ਚੀਨ ਅਤੇ ਕੋਰੀਆ ਤੋਂ ਵਿਦਿਆਰਥੀਆਂ ਦਾ ਇਥੇ ਆਕੇ ਪੜ੍ਹਾਈ ਕਰਨ ਦਾ ਇਤਿਹਾਸ ਮਿਲਦਾ ਹੈ। ਅਜੋਕੇ ਸਮਿਆਂ ’ਚ ਦੁਨੀਆਂ ਭਰ ਅੰਦਰ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਯੂਨੈਸਕੋ ਦੇ ਅੰਕੜਿਆਂ ਅਨੁਸਾਰ 1960 ਚ 5 ਲੱਖ , 1980 ਚ 9 ਲੱਖ 20 ਹਜਾਰ, 1990ਚ 12 ਲੱਖ ਅਤੇ 1995 ਚ 15 ਲੱਖ ਹੋ ਗਈ (ਪਵਾਰ 2002)। ਅਤੇ ਵਰਲਡ ਟਰੇਡ ਆਰਗੇਨਾਈਜੇਸ਼ਨ WTO ਦੀ ਰਹਿਨੁਮਾਈ ’ਚ ਹੋਈ GATS  ਸੰਧੀ (1 ਜਨਵਰੀ 1995 ) ਨੇ ਵਿਦਿਅਕ ਸੇਵਾਵਾਂ ਸਮੇਤ ਵਪਾਰਕ ਸੇਵਾਵਾਂ ਦੇ ਵਪਾਰ ’ਚ ਲਗਾਤਾਰ ਛੋਟਾਂ  liberalisation ਦਿੱਤੇ ਜਾਣਾ ਯਕੀਨੀ ਬਣਾਏ ਜਾਣ ਨਾਲ ਇਸ ਖੇਤਰ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। GATS ਤਹਿਤ ਜਾਰੀ ਐਲਾਨਨਾਮੇ ਦੀ ਸਮਝ ਇਹ ਹੈ ਕਿ ਬਾਕੀ ਹੋਰ ਵਸਤਾਂ ਦੀ ਤਰ੍ਹਾਂ ਵਿਦਿਆ ਵੀ ਇੱਕ ਵਸਤ ਹੈ ਅਤੇ ਇਸਦਾ ਵਪਾਰ ਵੀ ਆਲਮੀ ਪੱਧਰ ਤੇ ਹੋਣਾ ਚਾਹੀਦਾ ਹੈ ( ਆਲਟਬੈਕ 2003 )।

 ਲੋਕ ਸਭਾ ਵਿੱਚ ਪ੍ਰਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੁੱਛੇ ਜਾਣ ਦੇ ਸਬੰਧ ਵਿੱਚ ਇਕ ਸੁਆਲ ਦੇ ਜੁਆਬ ’ਚ 9 ਅਗਸਤ 2017 ਨੂੰ ਵਿਦੇਸ਼ ਮੰਤਰੀ ਨੇ ਦੱਸਿਆ ਕਿ ਮੁਤਾਬਕ ਦੁਨੀਆਂ ਦੇ 86 ਮੁਲਕਾਂ ਅੰਦਰ ਇਸ ਸਮੇਂ 5 ਲੱਖ 53 ਹਜਾਰ 440 ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਹਨਾਂ ਦੀ ਦੋ ਤਿਹਾਈ ਗਿਣਤੀ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਚ ਪੜ੍ਹਾਈ ਕਰ ਰਹੀ ਹੈ।

ਇਸ ਖੋਜ ਪੁਸਤਕ ਵਿਚ ਪ੍ਰਵਾਸ ਨੂੰ ਧੱਕਣ ਤੇ ਖਿੱਚਣ ਦੇ ਦੋ ਕਾਰਕਾਂ ਦਰਮਿਆਨ ਚੱਲ ਰਹੀ ਖੇਡ ਦੇ ਰੂਪ ਚ ਦੇਖਿਆ ਗਿਆ ਹੈ। ਕਿਸੇ ਰਾਜ ਚੋਂ ਵੱਡੀ ਪੱਧਰ ’ਤੇ ਹੋ ਰਹੇ ਪਰਵਾਸ ਨੂੰ ਆਮ ਤੌਰ ਤੇ ਉਸ ਖੇਤਰ ਦੇ ਆਰਥਿਕ ਵਿਕਾਸ ਚ ਪਛੜੇਵੇਂ ਦੇ ਰੂਪ ਵਿੱਚ ਪੈਦਾ ਹੋਈ ਸਮਾਜਿਕ ਜਾਂ ਸਿਆਸੀ ਉਥਲ- ਪੁਥਲ ਦੇ ਨਤੀਜੇ ਵਜੋਂ ਦੇਖਿਆ ਜਾਂਦਾ ਹੈ। ਪਰ ਪੰਜਾਬ ਦੇ ਮਾਮਲੇ ਵਿਚ ਹਾਲਾਤ ਵੱਖਰੇ ਹਨ ਕਿਉਂਕਿ ਆਰਥਿਕ ਪੱਖ ਤੋਂ ਇਸ ਨੂੰ ਭਾਰਤ ਦੇ  ਇੱਕ ਸੱਭ ਤੋਂ ਵੱਧ ਵਿਕਸਤ ਸੂਬੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਜਿਸਦਾ ਭਾਰਤ ਦੀ ਖੇਤੀ ਅਧਾਰਤ ਆਰਥਿਕਤਾ  ਅਤੇ   ਮਨੁੱਖਾ ਸਰੋਤ ਦੇ ਵਿਕਾਸ ਦੇ ਮਾਮਲੇ ’ਚ ਇੱਕ ਅਹਿਮ ਯੋਗਦਾਨ ਹੈ।

ਪਰ ਸੱਤਰਵਿਆਂ ’ਚ ਅਮਰੀਕੀ ਤਰਜ਼ ’ਤੇ ਕੀਤੀ ਜਾਣ ਵਾਲੀ ਆਧੁਨਿਕ ਖੇਤੀ ਉਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਆਏ ਹਰੇ ਇਨਕਲਾਬ ’ਚ ਖੇਤੀ ਉਤਪਾਦਨ ’ਚ ਹੋਏ ਵਾਧੇ ਦੇ ਨਾਲ ਖੇਤੀ ਆਧਾਰਿਤ ਸਨਅਤਾਂ ਲਗਾਉਣ ਸਬੰਧੀ ਵੱਖ ਵੱਖ ਸਰਕਾਰਾਂ ਵੱਲੋਂ ਕੋਈ ਉਤਸ਼ਾਹ ਕਰੂ ਨੀਤੀਆਂ ਨਾ ਘੜਨ ਕਾਰਨ ਰੁਜਗਾਰ ਦੇ ਮੌਕੇ ਬਹੁਤ ਘੱਟ ਵਿਕਸਤ ਹੋਏ ਹਨ।ਮਨੁੱਖੀ ਸ਼ਕਤੀ ਦੀ ਥਾਂ ’ਤੇ ਮਸ਼ੀਨੀ ਵਰਤੋਂ ਹੋਣ ਨਾਲ ਖੇਤੀ ਦੇ ਖੇਤਰ ’ਚ ਲੱਗੇ ਕਾਮਿਆਂ ਦੀ ਮੰਗ ਘਟੀ ਹੈ। ਸਿੱਟੇ ਵਜੋਂ ਕਿਸਾਨੀ ਅਤੇ ਖੇਤ ਮਜ਼ਦੂਰਾਂ ਅੰਦਰ ਬੇਰੁਜ਼ਗਾਰੀ ਦੀ ਨੌਬਤ ਆਈ ਹੈ। ਇਸਦੇ ਨਾਲ ਹੀ ਸਰਕਾਰ ਦੀ ਅਜੋਕੀ ਆਰਥਕ ਨੀਤੀ ਦੀ ਚੀਰਫਾੜ ਕਰਦਿਆਂ ਦੱਸਿਆ ਗਿਆ ਹੈ ਕਿ ਜਿੱਥੇ ਇੱਕ ਪਾਸੇ ਸਰਕਾਰੀ ਨੌਕਰੀਆਂ ਚ ਭਾਰੀ ਕਟੌਤੀਆਂ, ਸਰਕਾਰੀ ਅਦਾਰਿਆਂ ਨੂੰ ਠੇਕੇਦਾਰੀ ਪ੍ਰਬੰਧ ਅਧੀਨ ਕਰਨ, ਸੱਨਅਤੀ ਵਿਕਾਸ ਦੀ ਕੋਈ ਬੱਝਵੀਂ ਨੀਤੀ ਨਾ ਹੋਣ ਵਰਗੇ ਕਾਰਨਾਂ ਨੇ ਬੇਰੁਜ਼ਗਾਰੀ ਚ ਭਾਰੀ ਵਾਧਾ ਕੀਤਾ ਹੈ। ਸਨਅਤੀ ਖੇਤਰ ਚ ਨੌਕਰੀਆਂ ਦੇ ਮਾਮਲੇ ਚ ਦੱਸਿਆ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ਅੰਦਰ ਬਠਿੰਡਾ ਰਿਫਾਈਨਰੀ ਤੋਂ ਇਲਾਵਾ ਹੋਰ ਕੋਈ ਵੀ ਭਾਰੀ ਸਨਅਤ ਨਹੀਂ ਲਾਈ ਗਈ ਅਤੇ ਦੂਜੇ ਪਾਸੇ ਬਠਿੰਡਾ ਦੇ ਥਰਮਲ ਪਲਾਂਟ ਵਰਗੇ 50 ਸਾਲ ਪੁਰਾਣੇ ਸਰਕਾਰੀ ਅਦਾਰੇ ਨੂੰ ਵੀ ਨਿਜੀਕਰਨ ਦੀ ਭੇਂਟ ਚਾੜ੍ਹਦਿਆਂ ਇਸਨੂੰ ਬੰਦ ਕਰਕੇ ਹਜਾਰਾਂ ਕਾਮਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। 

1980-92 ਦੇ ਬਾਰਾਂ ਸਾਲ ਦੇ ਅਰਸੇ ਦੌਰਾਨ ਖਾੜਕੂਵਾਦ ਵਲੋਂ ਪੰਜਾਬ ਦੀ ਆਰਥਿਕ ਹਾਲਤ ਨੂੰ ਖੋਰਾ ਲਾਉਣ ਦੇ ਨਾਲ ਨਾਲ ਇਸਨੇ ਸਰਕਾਰ ਨੂੰ ਵੀ ਮਾਲੀ ਸੰਕਟ ਚ ਸੁੱਟਿਆ ਹੈ। ਖਾੜਕੂਵਾਦ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਉਸ ਅਰਸੇ ਦਾ ਕਰਜਾ ਜਿਓਂ ਦਾ ਤਿਓਂ ਖੜ੍ਹਾ ਹੈ।ਨਤੀਜੇ ਵਜੋਂ ਵਿਤੀ ਸੰਕਟ ਕਾਰਨ ਕਿਸੇ ਵੀ ਵਿਕਾਸ ਮੁਖੀ ਨੀਤੀ ਨੂੰ ਸਰਕਾਰ ਸਾਹਮਣੇ ਨਹੀਂ ਲਿਆ ਰਹੀ।

ਸੰਕਟ ਗ੍ਰਸਤ ਖੇਤੀ ਆਰਥਿਕਤਾ, ਸਨਅਤੀ ਖੇਤਰ ਵਿੱਚ ਵਿਕਾਸ ਦੀ ਖੜੋਤ, ਰੁਜਗਾਰ ਦੇ ਵਧੀਆ ਮੌਕਿਆਂ ਦਾ ਸੁੰਗੜਦੇ ਜਾਣਾ , ਵਿਆਪਕ ਬੇਰੁਜ਼ਗਾਰੀ ਅੱਜ ਦੇ ਪੰਜਾਬ ਦੇ ਸਮਾਜ ਦਾ ਉਘੜਵਾਂ ਲੱਛਣ ਹੈ। ਘੋਰ ਨਿਰਾਸ਼ਾ ਵਾਲੀ ਅਜਿਹੀ ਹਾਲਤ ਚੋਂ ਨੌਜਵਾਨ ਨਸ਼ਿਆਂ ਵੱਲ ਜਾਂ ਆਤਮਹੱਤਿਆ ਵੱਲ ਨੂੰ ਵਧਦੇ ਜਾ ਰਹੇ ਹਨ।ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਇਸ ਦਾ ਗਵਾਹ ਹਨ।

ਇਸ ਪੁਸਤਕ ਵਿਚ ਅਜਿਹੀ ਨਿਰਾਸ਼ਾਜਨਕ ਹਾਲਤ ’ਚ ਇੱਕ ਅਹਿਮ ਨੁਕਤੇ ਨੂੰ ਵੀ ਨੋਟ ਕੀਤਾ ਗਿਆ ਹੈ ਕਿ ਇਥੇ “ਜਸ਼ਨਾਂ ਦਾ ਸੱਭਿਆਚਾਰ” ਵਧ ਫੁਲ ਰਿਹਾ ਹੈ। ਵਿਕਾਊ ਮੀਡੀਏ ਰਾਹੀਂ ਖਪਤਕਾਰ ਵਸਤੂਆਂ ਵਾਂਗ ਪਰੋਸੇ ਜਾ ਰਹੇ ਪੰਜਾਬੀ ਲੋਕ ਸੱਭਿਆਚਾਰ ਦੀ ਮੁੱਖਧਾਰਾ ’ਚ ਪੰਜਾਬੀਆਂ ਦੀ ਆਣ ਸ਼ਾਨ ਨੂੰ ਇੱਕ ਹੋਰ ਵੱਖਰੇ ਹੀ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ - ਜਿਸ ਚੋਂ ਇਓਂ ਪ੍ਭਾਵ ਮਿਲਦਾ ਹੈ ਕਿ ਜਿਵੇਂ ਪੰਜਾਬ ਵਿੱਚ ਤਾਂ ਕੋਈ ਸੰਕਟ ਹੈ ਹੀ ਨਹੀਂ ਹੈ। ਸਾਰਾ ਪੰਜਾਬ ਹਮੇਸ਼ਾਂ ਨੱਚਦਾ ਗਾਉਂਦਾ ਹੀ ਰਹਿੰਦਾ ਹੈ। ਓਪਰੀ ਖੁਸ਼ਹਾਲੀ ਦਾ ਗੁਣਗਾਣ , ਹਥਿਆਰਾਂ ਅਤੇ ਨਸ਼ਿਆਂ ਦੀ ਮਹਿਮਾ, ਵੱਡੀਆਂ ਮਹਿੰਗੀਆਂ ਚਮਚਮਾਉਂਦੀਆਂ ਕਾਰਾਂ , ਬਰਾਂਡਡ ਕੱਪੜੇ , ਜੁੱਤੇ , ਐਨਕਾਂ ਤੇ ਪਹਿਨਣ ਪੱਚਰਣ ਦਾ ਹੋਰ ਲਗਾਤੁਗਾ ਇਕੱਠਾ ਕਰਨ ਵੱਲ ਨੂੰ ਉਲਾਰ ਹੋਣਾ ਇਕ ਅਜਿਹੀ ਮਨੋਸਥਿਤੀ ਵੱਲ ਨੂੰ ਇਸ਼ਾਰਾ ਕਰਦਾ ਹੈ ਜਿਸਨੂੰ ਫਰੈਕਫਰਟ ਸਕੂਲ ਆਫ਼ ਕਰਿਟੀਕਲ ਸਟੱਡੀਜ਼ ਦੇ ਅਮਰੀਕੀ-ਜਰਮਨ ਫ਼ਲਾਸਫ਼ਰ ਹਰਬਰਟ ਮਰਕਿਊਜ਼ ਨੇ ਇੱਕ  ਓਪਰੀ ਝੂਠੀ ਅਤੇ ਦੂਜੀ ਖੁਸ਼ੀ ਦਿਖਾਈ ਦਿੰਦੀ ਜ਼ਮੀਰ ਦੇ ਬਰੋ-ਬਰਾਬਰ ਉਗਮਦੇ ਹੋਣ ਦਾ ਸੰਕਲਪ  ਦਿੱਤਾ ਸੀ ਕਿ ਮਨੁੱਖ ਖਪਤ ਅਤੇ ਵਸਤਾਂ ’ਚੋਂ  ਹੀ ਜਸ਼ਨ ਮਾਨਦਾ ਦਿਖਾਈ ਦਿੰਦਾ ਹੈ। ਜਿਵੇਂ ਕਿ ਉਸਨੇ ਕਿਹਾ ਸੀ ਕਿ “ ਲੋਕ ਆਪਣਾ ਤੁਆਰਫ਼ ਆਪਣੀਆਂ ਵਸਤਾਂ ਨਾਲ ਕਰਾਉਂਦੇ ਹਨ, ਉਹ ਆਪਣੀ ਜਾਨ ਆਪਣੀਆਂ ਕਾਰਾਂ, ਮਹਿੰਗੇ ਸਾਜੋ-ਸਮਾਨ, ਅਲੀਸ਼ਾਨ ਘਰਾਂ, ਚਮਚਮਾਉਂਦੀ ਕਰਾਕਰੀ ’ਚ ਪਈ ਸਮਝਦੇ ਹਨ।“  ਅਜਿਹੀ ਮਾਨਸਿਕਤਾ ਵਾਲੇ ਨੌਜਵਾਨ ਆਪਣੇ ਜ਼ਿੰਦਗੀ ਜਿਊਣ ਦੇ ਮਕਸਦ ਬਾਰੇ ਵੀ ਪੂਰਨ ਰੂਪ ਵਿੱਚ ਜਾਗਰੂਕ ਨਹੀ. ਹੁੰਦੇ ਤੇ ਨਾਹੀਂ ਹੀ ਆਪਣੇ ਕੈਰੀਅਰ ਬਾਰੇ ਅਤੇ ਜਦੋਂ ਵੀ ਉਹਨਾਂ ਨੂੰ ਪ੍ਰਦੇਸ਼ ਜਾ ਕੇ ਪੜ੍ਹਾਈ ਦੀ ਲਾਈਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹੀ ਜਵਾਬ ਮਿਲਦਾ ਹੈ ਕਿ -ਜਿਸ ਮਰਜ਼ੀ ਲਾਈਨ ਵਿੱਚ ਦਾਖਲਾ ਮਿਲ ਜਾਵੇ ਜਾਣਾ ਤਾਂ ਆਪਾਂ ਜਾਣਾ ਕਨੇਡਾ ਅਮਰੀਕਾ ਸੈਟਲ ਹੋਣ ਵਾਸਤੇ ਹੀ ਹੈ।

ਆਪਣੀ ਇਸ ਖੇਜ ਪੁਸਤਕ ਨੂੰ ਅਮਲੀ ਜਾਮਾ ਪਹਿਨਾਉਣ ਤੋ. ਪਹਿਲਾਂ ਵਿਦਵਾਨ ਲੇਖਕਾਂ ਨੇ ਬਠਿੰਡੇ ਸ਼ਹਿਰ ਦੀਆਂ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਦੇਣ ਵਾਲੀਆਂ ਵੱਖ ਵੱਖ ਸੰਸਥਾਵਾਂ ਦੇ 540 ਵਿਦਿਆਰਥੀਆਂ ਦਾ ਸਰਵੇਖਣ ਕੀਤਾ ਹੈ।

ਸਮਾਜਕ ਆਰਥਿਕ ਪੱਖੋਂ  ਵਿਦਿਆਰਥੀਆਂ ਦਾ ਸਰਵੇਖਣ ਕਰਨ ਲਈ ਇਹਨਾਂ ਨੇ ਲਿੰਗ, ਰਿਹਾਇਸ਼(ਪੈਂਡੂ/ਸ਼ਹਿਰੀ) , ਸਮਾਜਕ ਕੈਟੇਗਰੀ, ਸਕੂਲੀ ਵਿਦਿਆ ਦਾ ਪਿਛੋਕੜ, ਮਾਪਿਆਂ ਦਾ ਵਿਦਿਅਕ ਪਿਛੋਕੜ, ਪਰਿਵਾਰ ਦੀ ਆਰਥਕ ਹਾਲਤ, ਪਰਿਵਾਰ ਦੀ ਸਮਾਜਕ ਹੈਸੀਅਤ ਆਦਿ ਨੂੰ ਵਿਚਾਰ ਅਧੀਨ ਲਿਆਂਦਾ ਹੈ। ਇਹਨਾਂ ਸੁਆਲਾਂ ਦੇ ਨਾਲ ਹੀ ਮਾਈਗਰੇਸ਼ਨ ਕਰਕੇ ਪੜਾਈ ਦੇ ਵਿਸ਼ੇ, ਕਾਲਜ ਦੀ ਪੜ੍ਰਾਈ ਦਾ ਖਰਚਾ ਕੌਣ ਕਰੂ, ਪੜ੍ਹਾਈ ਦੇ ਨਾਲੋ ਨਾਲ ਕੰਮ ਕਰਨ ਬਾਰੇ ਅਤੇ ਉੱਥੇ ਰਹਿਣ ਬਾਰੇ ਭਵਿੱਖ ਦੀਆਂ ਵਿਉਂਤਬੰਦੀਆਂ ਦੇ ਸਬੰਧ ’ਚ ਉਠਾਏ ਸੁਆਲਾਂ ਨੂੰ ਵੀ ਸੁਆਲਨਾਮੇ ਲਿਆ ਹੈ। 

ਸਮਾਜਕ ਵਰਗਾਂ ਦੇ ਸਬੰਧ ’ਚ ਸਰਵੇ ’ਚ ਪਾਇਆ ਗਿਆ  ਕਿ ਅੰਗਰੇਜੀ ਭਾਸ਼ਾ ਦੀਆਂ ਇਹਨਾਂ ਸੰਸਥਾਵਾਂ ’ਚ 90 ਫੀਸਦੀ ਵਿਦਿਆਰਥੀ ਜਰਨਲ ਕੈਟੇਗਰ ਨਾਲ ਸਬੰਧਿਤ ਹਨ ਅਤੇ ਪੱਛੜੀ ਜਾਤੀ ਦੇ 8 ਫੀਸਦੀ ਜਦ ਕਿ ਦਲਿਤ ਸ੍ਰੇਣੀ ਦੇ ਸਿਰਫ ਦੋ ਫੀ ਸਦੀ ਵਿਦਿਆਰਥੀ ਹੀ ਇਹਨਾਂ ਸੰਸਥਾਵਾਂ ’ਚ ਟਰੇਨਿੰਗ ਲੈ ਰਹੇ ਹਨ। ਇਸ ’ਚੋ. ਹੀ ਪ੍ਰਦੇਸ਼ ਜਾ ਕੇ ਪੜਾਈ ’ਤੇ ਹੋਣ ਵਾਲੇ ਖਰਚੇ ਨੂੰ ਝੱਲ ਸੱਕਣ ਦੀ ਸਮਰੱਥਾ ਦਾ ਅੰਦਾਜਾ਼ ਲੱਗ ਜਾਂਦਾ ਹੈ ਕਿ ਜਾਇਦਾਦ ਵਿਹੂਣੀ ਇਹ ਜਮਾਤ ਐਨੀ ਮਹਿੰਗੀ ਵਿਦਿਆ ਦੀ ਪਰੋਖੋਂ ਝੱਲਣ ਤੋਂ  ਅਸਮਰੱਥ ਹੈ।

ਕੁਲ ਮਿਲਾਕੇ ਦੇਖਿਆ ਜਾਵੇ ਤਾਂ ਇਹ ਪੁਸਤਕ ਅੱਜ ਦੇ ਭਖਵੇਂ ਮਸਲੇ ’ਤੇ ਇੱਕ ਸਰਬਪੱਖੀ ਲਿਖਤ ਹੈ। ਪੰਜਾਬ ਦੀ ਜਵਾਨੀ ਨੂੰ ਦਰਪੇਸ਼ ਸਭ ਤੋਂ ਤਿੱਖੀ ਸਮੱਸਿਆ ਬੇਰੁਜਗਾਰੀ ’ਤੇ ਸਮਾਜਕ-ਆਰਥਕ ਪ੍ਰਸੰਗ ਤੋਂ ਡੂੰਘੀ ਝਾਤ ਪਾਉਂਦੀ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਸਰਕਾਰਾਂ ਵੱਲੋਂ ਅਪਣਾਈਆਂ ਨੀਤੀਆਂ ਦੀ ਵੀ ਤਿੱਖੀ ਅਲੋਚਨਾ ਕਰਦੀ ਹੈ। ਨਾਲ ਦੀ ਨਾਲ ਹੀ ਪੁਸਤਕ ਦੇ ਅੰਤ ’ਚ ਪੰਜਵੇਂ ਅਧਿਆਏ ’ਚ ਸਰਕਾਰ ਅਤੇ ਸਬੰਧਿਤ ਧਿਰਾਂ ਸਾਹਮਣੇ ਵਿਦਿਆ ਅਤੇ ਆਰਥਕਨੀਤੀਆਂ ’ਚ ਬਦਲਾਅ ਕਰਨ ਲਈ 12 ਨੀਤੀਗਤ ਸੁਝਾਅ ਵੀ ਪ੍ਰਦਾਨ ਕਰਦੀ ਹੈ।ਇਹ ਸੁਝਾਅ ਅਜੋਕੀ ਵਿਦਿਆ ਪ੍ਰਣਾਲੀ ਦੇ ਸੁਧਾਰ ਲਈ ਨਾਕਾਫ਼ੀ ਹਨ ਕਿਉਂਕਿ ਵਿਦਿਆ ਦਾ ਬੁਨਿਆਦੀ ਮਕਸਦ ਮਨੁੱਖ ਦਿਮਾਗਾਂ ਨੂੰ ਰੁਸ਼ਨਾਉਣਾ ਹੁੰਦਾ ਹੈ, ਉਹਨਾਂ ਦਿਮਾਗਾਂ ਨੂੰ ਹਰ ਵਰਤ-ਵਰਤਾਰੇ ਨੂੰ ਕਿਉਂ, ਕਿਵੇਂ ਦੇ ਨੁਕਤਾ ਨਜ਼ਰ ਤੋਂ ਪਰਖ ਪੜਤਾਲ ਕਰਨ ਦੇ ਕਾਬਲ ਬਨਾਉਣਾ ਹੁੰਦਾ ਹੈ। ਇੱਥੇ ਅਸ਼ੀ ਉਮੀਦ ਕਰਦੇ ਹਾਂ ਕਿ ਭਵਿੱਖ ’ਚ ਇਹੀ ਅਤੇ ਹੋਰ ਰੋਸ਼ਣ ਦਿਮਾਗ ਵਿਦਵਾਨ ਇਸ ਸੇਧ ’ਚ ਅੱਗੇ ਵੱਧਕੇ  ਵਿਦਿਅਕ ਢਾਂਚੇ ਅੰਦਰ ਅਜਿਹੀਆਂ ਵਿਅਪਕ ਤਬਦੀਲੀਆਂ ਲਿਆਉਣ ਲਈ ਉਪਰਾਲੇ ਜੁਟਾਉਣਗੇ ਕਿਉਂਕਿ ਤਦ ਹੀ ਸਹੀ ਮਾਹਣਿਆਂ ’ਚ ਇਹ ਸਾਰਥਕ ਰੂਪ’ਚ ਸਹਾਈ ਹੋ ਸਕਦੀ ਹੈ। 

ਇਹ ਪੁਸਤਕ ਵਿਦਿਆਰਥੀਆਂ, ਕਾਲਜ-ਸਕੂਲ ਅਧਿਆਪਕਾਂ, ਲੋਕ ਪੱਖੀ ਜਥੇਬੰਦੀਆਂ ’ਚ ਕੰਮ ਕਰਨ ਵਾਲੇ ਆਗੂਆਂ, ਖੋਜਕਾਰਾਂ ਅਤੇ ਆਮ ਪਾਠਕਾਂ ਲਈ ਬਹੁਤ ਕੁੱਝ ਸਮੋਈ ਬੈਠੀ ਹੈ। ਪਰ ਕਿਤਾਬ ਦੇ ਅਕਾਰ ਨੂੰ ਦੇਖਦਿਆਂ ਇਸ ਦੀ ਰੱਖੀ ਗਈ ਕੀਮਤ 350 ਰੁਪੈ  ਅਤੇ ਇਸ ਦਾ ਅੰਗਰੇਜ਼ੀ ਭਾਸ਼ਾ ਵਿੱਚ ਹੋਣਾ ਇਸਨੂੱ ਵੱਧ ਤੋਂ ਵੱਧ ਗੰਭੀਰ ਪਾਠਕਾਂ ਅਤੇ ਸੰਘਰਸ਼ਸੀਲ ਤਬਕਿਆਂ ਤੱਕ ਲੈ ਕੇ ਜਾਣ ’ਚ ਸਭ ਤੋਂ ਵੱਡਾ ਅੜਿਕਾ ਹੈ।ਇਸ ਦਾ ਪੰਜਾਬੀ ਤਰਜ਼ਮਾ ਕਰਨਾ ਬਹੁਤ ਅਹਿਮ ਹੈ।

 

 ਸੰਪਰਕ  9417079720

email: singh.drbaljinder@gmail.com