
'ਜਦੋਂ ਮੈ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...'
Thu 5 Dec, 2019 0
BBC ਮਨਦੀਪ ਸ਼ਰਮਾ ਅਤੇ ਜਗਤੇਸ਼ਰ ਨੇ ਘਰਦਿਆਂ ਦੀ ਰਜ਼ਾਮੰਦੀ ਖ਼ਿਲਾਫ਼ ਕੋਰਟ ਮੈਰਿਜ ਕਰਵਾਈ ਸੀ
"ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਅਤੇ ਕਰੀਅਰ ਦੀ ਚੋਣ ਮਰਜ਼ੀ ਨਾਲ ਕਰਨ ਦੀ ਖੁੱਲ੍ਹ ਦਿੰਦੇ ਹਨ ਤਾਂ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਕਿਉਂ ਨਹੀਂ।"
ਇਹ ਸਵਾਲ ਹੈ ਸੰਗਰੂਰ ਦੀ ਰਹਿਣ ਵਾਲੀ ਜਗਤੇਸ਼ਵਰ ਕੌਰ ਦਾ, ਜਿਸ ਨੇ ਕੁਝ ਸਾਲ ਪਹਿਲਾਂ ਆਪਣੇ ਪਸੰਦ ਦੇ ਮੁੰਡੇ ਮਨਦੀਪ ਸ਼ਰਮਾ ਨਾਲ ਅੰਤਰਜਾਤੀ ਵਿਆਹ ਕਰਵਾਇਆ ਹੈ।
ਬੇਸ਼ੱਕ ਜਗਤੇਸ਼ਵਰ ਕੌਰ ਅੱਜ ਆਪਣੀ ਜ਼ਿੰਦਗੀ 'ਚ ਖ਼ੁਸ਼ ਹੈ, ਪਰ ਇਹ ਅੰਤਰਜਾਤੀ ਵਿਆਹ ਕਰਵਾਉਣਾ ਉਸ ਲਈ ਸੌਖਾ ਨਹੀਂ ਸੀ।
ਜਗਤੇਸ਼ਵਰ ਕੌਰ ਦੱਸਦੀ ਹੈ ਕਿ ਉਸ ਦਾ ਜਨਮ ਦਲਿਤ ਪਰਿਵਾਰ ਵਿੱਚ ਹੋਇਆ ਸੀ ਅਤੇ ਉਸ ਦਾ ਜੱਦੀ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਹੀ ਹੈ। ਪਰ ਪਿਤਾ ਦੀ ਸਰਕਾਰੀ ਨੌਕਰੀ ਕਰਕੇ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਵਿਚ ਹੀ ਬਤੀਤ ਕੀਤਾ ਹੈ।
ਜਗਤੇਸ਼ਵਰ ਕੌਰ ਮੁਕਾਬਕ ਉਸ ਦਾ ਪਰਿਵਾਰ ਨੌਕਰੀਸ਼ੁਦਾ ਅਤੇ ਚੰਗੀ ਪੜ੍ਹਾਈ ਵਾਲਾ ਸੀ ਪਰ ਉਹ ਵੀ ਅੰਤਰਜਾਤੀ ਵਿਆਹ ਦੇ ਖ਼ਿਲਾਫ਼ ਸਨ।
ਬੇਸ਼ੱਕ ਉਸ ਦੇ ਭਰਾ ਨੇ ਅੰਤਰਜਾਤੀ ਵਿਆਹ ਕੀਤਾ ਸੀ ਪਰ ਜਦੋਂ ਉਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵਿਰੋਧ ਹੋਇਆ।
ਇਹ ਵੀ ਪੜ੍ਹੋ-
ਚੰਗਾਲੀਵਾਲਾ ਪਿੰਡ ਵੀ ਸੰਗਰੂਰ ਜ਼ਿਲ੍ਹੇ ਵਿੱਚ ਹੀ ਪੈਂਦਾ ਹੈ, ਜੋ ਕੁਝ ਦਿਨੀਂ ਪਹਿਲਾਂ ਇੱਕ ਦਲਿਤ ਨੌਜਵਾਨ ਦੀ ਜਨਰਲ ਵਰਗ ਵੱਲੋਂ ਕੀਤੀ ਗਈ ਬੇਤਹਾਸ਼ਾ ਕੁੱਟਮਾਰ ਕਾਰਨ ਚਰਚਾ ਵਿੱਚ ਸੀ।
ਅਜਿਹੇ ਸਮੇਂ ਵਿੱਚ ਅਸੀਂ ਅੰਤਰਜਾਤੀ ਵਿਆਹ ਕਰਨ ਵਾਲਿਆਂ ਜੋੜਿਆਂ ਦੀ ਰਾਏ ਜਾਣਨ ਦੀ ਕੋਸ਼ਿਸ ਕੀਤੀ ਉਹ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਲੈਂਦੇ ਹਨ।
'ਰਜ਼ਾਮੰਦੀ ਤੋਂ ਬਗ਼ੈਰ ਕੋਰਟ ਮੈਰਿਜ'
ਐੱਮਏ ਤੱਕ ਦੀ ਪੜ੍ਹਾਈ ਕਰ ਚੁੱਕੀ ਜਗਤੇਸ਼ਵਰ ਦੱਸਦੀ ਹੈ ਕਿ ਜਿਸ ਮੁੰਡੇ ਨਾਲ ਉਸ ਨੇ ਵਿਆਹ ਕਰਵਾਇਆ ਹੈ ਉਹ ਜਨਰਲ ਵਰਗ ਨਾਲ ਸਬੰਧਿਤ ਹੈ।
ਉਨ੍ਹਾਂ ਨੇ ਕਿਹਾ, "ਸਾਡੇ ਦੋਹਾਂ ਲਈ ਇਹ ਵਿਆਹ ਕਰਵਾਉਣਾ ਸੌਖਾ ਨਹੀਂ ਸੀ। ਦੋਵਾਂ ਪਾਸਿਆਂ ਤੋਂ ਵਿਰੋਧ ਸੀ। ਅਸੀਂ ਦੋਹਾਂ ਨੇ ਘਰ ਵਾਲਿਆਂ ਦੀ ਰਜ਼ਾਮੰਦੀ ਤੋਂ ਬਗ਼ੈਰ ਕੋਰਟ ਮੈਰਿਜ ਕਰਵਾ ਲਈ। ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਸਾਡਾ ਬਾਈਕਾਟ ਕਰ ਦਿੱਤਾ। ਕੁਝ ਮਹੀਨੇ ਦੇ ਵਿਰੋਧ ਤੋਂ ਬਾਅਦ ਫਿਰ ਦੋਹਾਂ ਪਰਿਵਾਰਾਂ ਨੇ ਸਾਨੂੰ ਅਪਣਾ ਲਿਆ।"
BBC ਜਗਤੇਸ਼ਰ ਦੇ ਭਰਾ ਨੇ ਵੀ ਅੰਤਰਜਾਤੀ ਵਿਆਹ ਕਰਵਾਇਆ ਸੀ ਪਰ ਉਸ ਵਾਰੀ ਘਰਦੇ ਨਹੀਂ ਮੰਨੇ
ਕੀ ਸਮਾਜ ਨੇ ਮਾਨਤਾ ਦਿੱਤੀ ਇਸ ਸਵਾਲ ਦੇ ਜਵਾਬ ਵਿੱਚ ਜਗਤੇਸ਼ਵਰ ਆਖਦੀ ਹੈ ਕਿ ਸਮਾਜ ਦੀ ਕੋਈ ਪ੍ਰਵਾਹ ਨਹੀਂ ਹੈ।
"ਅਸੀਂ ਖ਼ੁਸ਼ ਹਾਂ ਅਤੇ ਪ੍ਰਮਾਤਮਾ ਨੇ ਸਾਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੋਰ ਕੀ ਚਾਹੀਦਾ ਹੈ।"
ਜਗਤੇਸ਼ਰ ਦੇ ਪਤੀ ਮਨਦੀਪ ਸ਼ਰਮਾ, ਜੋ ਕਿ ਆਪਣਾ ਕਾਰੋਬਾਰ ਕਰਦੇ ਹਨ, ਦਾ ਕਹਿਣਾ ਹੈ ਕਿ ਸਮਾਜ ਵਿੱਚ ਜਾਤ-ਪਾਤ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਆਖਿਆ ਕਿ ਚਾਰ ਸਾਲ ਪਹਿਲਾਂ ਜਦੋਂ ਉਸ ਨੇ ਅੰਤਰਜਾਤੀ ਵਿਆਹ ਕਰਵਾਉਣ ਦੀ ਗੱਲ ਘਰ ਵਿੱਚ ਕੀਤੀ ਸੀ ਤਾਂ ਸਾਰੇ ਇਸ ਦੇ ਖ਼ਿਲਾਫ਼ ਸੀ।
ਉਨ੍ਹਾਂ ਨੇ ਦੱਸਿਆ, "ਪਰਿਵਾਰ ਦਾ ਕਹਿਣਾ ਸੀ ਕਿ ਲੋਕ ਸਾਨੂੰ ਕੀ ਆਖਣਗੇ। ਸਮਾਜ ਕਿਵੇਂ ਮੂੰਹ ਦਿਖਾਵਾਂਗੇ ਵਰਗੇ, ਤਮਾਮ ਸਵਾਲਾਂ ਦੀ ਪ੍ਰਵਾਹ ਕੀਤੇ ਬਿਨਾਂ ਅਸੀਂ ਵਿਆਹ ਕਰਵਾਇਆ।"
ਜਗਤੇਸ਼ਵਰ ਕੌਰ ਆਖਦੀ ਹੈ, "ਹਰ ਇਨਸਾਨ ਵਾਂਗ ਮੇਰੇ ਵੀ ਵਿਆਹ ਨੂੰ ਲੈ ਕੇ ਚਾਅ ਸਨ। ਬਰਾਤ ਧੂਮ ਧੜਕੇ ਨਾਲ ਜਾਵੇ, ਰਿਸ਼ਤੇਦਾਰ ਆਉਣ, ਸਭ ਪਾਸੇ ਖ਼ੁਸ਼ੀਆਂ ਹੋਣ।"
"ਪਰ ਸਮਾਜ ਦੀਆਂ ਬਣਾਈਆਂ ਬੰਦਸ਼ਾਂ ਕਾਰਨ ਮੈਨੂੰ ਸਾਰੇ ਚਾਅ ਖ਼ਤਮ ਕਰ ਕੇ ਅਦਾਲਤ ਵਿੱਚ ਜਾ ਕੇ ਵਿਆਹ ਕਰਵਾਉਣ ਪਿਆ, ਜਿਸ ਵਿੱਚ ਸਾਡੇ ਪਰਿਵਾਰਿਕ ਮੈਂਬਰਾਂ ਦੀ ਬਜਾਇ ਦੋ ਦੋਸਤ ਹੀ ਸ਼ਾਮਲ ਹੋਏ ਸਨ।"
'ਅਜੇ ਵੀ ਅੰਤਰਜਾਤੀ ਵਿਆਹ ਨੂੰ ਠੀਕ ਨਹੀਂ ਸਮਝਿਆ ਜਾਂਦਾ'
ਮਨਦੀਪ ਸ਼ਰਮਾ ਮੁਤਾਬਕ ਸਮਾਜਕ ਬੰਦਸ਼ਾਂ ਦੇ ਚਲਦੇ ਹੋਏ ਦੋਵਾਂ ਨੇ ਇਕੱਠੇ ਰਹਿਣ ਲਈ ਆਪਣੇ ਚਾਅ ਹੀ ਕੁਰਬਾਨ ਕਰ ਦਿੱਤੇ।
ਮਨਦੀਪ ਅਤੇ ਜਗਤੇਸ਼ਵਰ ਦਾ ਕਹਿਣਾ ਸੀ ਕਿ ਦੇਸ਼ ਨੂੰ ਆਜ਼ਾਦ ਹੋਇਆ ਬਹੁਤ ਸਮਾਂ ਹੋ ਗਿਆ ਹੈ ਪਰ ਅਫ਼ਸੋਸ ਜਾਤਪਾਤ ਦਾ ਬੰਧਨ ਅਜੇ ਵੀ ਬਰਕਰਾਰ ਹੈ।
BBC ਜਗਤੇਸ਼ਰ ਕਹਿੰਦੀ ਹੈ ਕਿ ਉਸ ਦੇ ਵਿਆਹ ਵਾਲੇ ਸਾਰੇ ਚਾਅ ਅਧੂਰੇ ਰਹਿ ਗਏ ਸਨ
ਫਿਰ ਦੋਵੇਂ ਚੁੱਪ ਕਰ ਜਾਂਦੇ ਹਨ, ਚਾਹ ਦੀ ਘੁੱਟ ਭਰਨ ਤੋਂ ਬਾਅਦ ਜਗਤੇਸ਼ਵਰ ਆਖਦੀ ਹੈ, "ਉਂਝ ਕਹਿਣ ਨੂੰ ਸਮਾਜ ਆਧੁਨਿਕਤਾ ਵੱਲ ਵੱਧ ਰਿਹਾ ਹੈ ਹਾਂ ਪਰ ਜਾਤਪਾਤ ਦੇ ਮੁੱਦੇ ਉੱਤੇ ਸਮਾਜ ਦਿਮਾਗ਼ੀ ਤੌਰ ਉੱਤੇ ਆਜ਼ਾਦ ਨਹੀਂ ਹੋਇਆ ਜਿਸ ਦੀ ਉਦਾਹਰਨ ਚੰਗਾਲੀਵਾਲਾ ਪਿੰਡ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਹੈ।"
ਜਗਤੇਸ਼ਵਰ ਮੰਨਦੀ ਹੈ ਕਿ ਪਿੰਡਾਂ ਵਿੱਚ ਅਜੇ ਵੀ ਅੰਤਰਜਾਤੀ ਵਿਆਹ ਨੂੰ ਠੀਕ ਨਹੀਂ ਸਮਝਿਆ ਜਾਂਦਾ।
ਅੰਤਰਜਾਤੀ ਵਿਆਹ ਦੇ ਰੁਝਾਨ ਅਤੇ ਇਸ ਦੀਆਂ ਦਿੱਕਤਾਂ ਨੂੰ ਸਮਝਣ ਦੇ ਲਈ ਅਸੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਮੀਰਪੁਰ ਕਲਾਂ ਦਾ ਵੀ ਰੁਖ ਕੀਤਾ।
Comments (0)
Facebook Comments (0)