
ਕਾਤਲ ਕੌਣ ----- ਮਿੰਨੀ ਕਹਾਣੀ
Sat 22 Feb, 2020 0
ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ ।
ਮਨਪ੍ਰੀਤ ਦਸਵੀ ਕਲਾਸ ਵਿਚ ਪੜ੍ਹਦੀ ਸੀ । ਉਹ ਬਹੁਤ ਖੂਬਸੂਰਤ ਤੇ ਹੁਸ਼ਿਆਰ ਲੜਕੀ ਸੀ । ਉਹ ਹਰ ਜਮਾਤ ਵਿਚ ਟੌਪ ਕਰਕੇ ਪਾਸ ਹੁੰਦੀ ਆ ਰਹੀ ਸੀ ।
ਦਸਵੀ ਦੇ ਪੇਪਰ ਸ਼ੁਰੂ ਹੋ ਚੁੱਕੇ ਸਨ ।ਸਵੇਰੇ ਉਸ ਦਾ ਅੰਗਰੇਜ਼ੀ ਦਾ ਪੇਪਰ ਸੀ ।ਜਦੋ ਉਹ ਰਾਤ ਨੂੰ ਹਰ ਰੋਜ ਵਾਂਗ ਪੇਪਰ ਦੀ ਤਿਆਰੀ ਕਰਨ ਲਈ ਪੜ੍ਹਨ ਲੱਗੀ, ਗੁਵਾਂਡੀਆ ਦੇ ਘਰ ਮੁੰਡੇ ਦੇ ਵਿਆਹ ਦੀ ਖੁਸ਼ੀ ਵਿਚ ਡੀ. ਜੇ ਵੱਜ ਰਹੇ ਸਨ , ਭੰਗੜੇ ਪੈ ਰਹੇ ਸਨ ।ਜੋ ਉਸ ਦੀ ਪੜ੍ਹਾਈ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਹੇ ਸਨ ।
ਉਹ ਆਪਣੇ ਡੈਡੀ ਨੂੰ ਲੈ ਕੇ ਗੁਵਾਂਡੀਆ ਦੇ ਘਰ ਅਵਾਜ ਘੱਟ ਕਰਨ ਲਈ ਬੇਨਤੀ ਕਰਨ ਗਈ ।ਸਵੇਰੇ ਆਪਣੇ ਦਸਵੀ ਦੇ ਪੇਪਰ ਦਾ ਵਾਸਤਾ ਪਾਇਆ, ਪਰੰਤੂ ਉਹਨਾ ਨੇ ਇਕ ਨਾ ਮੰਨੀ, ਕਹਿੰਦੇ ਅਸੀ ਕਿਹੜਾ ਮੁੰਡਾ ਰੋਜ, ਰੋਜ ਵਿਆਹਉਣਾ ਹੈ । ਸਾਡੀ ਖੁਸ਼ੀ ਨੂੰ ਵੇਖ ਕੇ ਲੋਕ ਜਰਦੇ ਨਹੀ ਹਨ ।ਉਹ ਨਿਰਾਸ਼ ਹੋ ਕੇ ਵਾਪਸ ਆ ਗਏ ।ਉਸ ਨੇ ਕਮਰੇ ਦੇ ਬੂਹੇ ਬਾਰੀਆ ਬੰਦ ਕਰਕੇ ਪੜ੍ਹਨ ਦੀ ਕੋਸ਼ਿਸ਼ ਕੀਤੀ । ਪਰੰਤੂ ਫੇਰ ਵੀ ਡੀ. ਜੇ ਤੇ ਭੰਗੜੇ ਦੇ ਸ਼ੋਰ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਤੇ ਉਹ ਪੜ੍ਹ ਨਾ ਸਕੀ ।
ਅੱਕ ਕੇ ਉਸ ਆਪਣੀ ਮੰਮੀ ਨੂੰ ਕਿਹਾ, ਮੈਨੂੰ ਤੜਕੇ ਤਿੰਨ ਵਜੇ ਜਗਾ ਦੇਣਾ, ਮੈ ਪੇਪਰ ਦੀ ਹੋਰ ਤਿਆਰੀ ਕਰ ਲਵਾਂਗੀ ।ਤੜਕੇ ਤਿੰਨ ਵਜੇ ਉਸ ਦੀ ਮੰਮੀ ਨੇ ਚਾਹ ਤਿਆਰ ਕਰਕੇ ਮਨਪ੍ਰੀਤ ਨੂੰ ਉਠਣ ਲਈ ਅਵਾਜ ਮਾਰ ਦਿੱਤੀ ।ਚਾਹ ਪੀ ਕੇ ਜਦੋ ਉਹ ਪੜ੍ਹਨ ਲੱਗੀ, ਬਾਬੇ ਨੇ ਗੁਰਦੁਆਰੇ ਧਾਰਮਿਕ ਕੈਸੇਟ ਲਾ ਦਿੱਤੀ ।ਉਹ ਫਿਰ ਆਪਣੀ ਮੰਮੀ ਨੂੰ ਲੈ ਕੇ ਬਾਬੇ ਕੋਲ ਗੲੀ ਤੇ ਬੇਨਤੀ ਕੀਤੀ ਮੈ ਪੜ੍ਹਾਈ ਕਰਨੀ ਹੈ ।ਪੇਪਰਾ ਵਿਚ ਲਾਉਡ ਸਪੀਕਰ ਨਾ ਲਾਇਆ ਜਾਵੇ ।
ਇਹ ਕਿੰਨੇ ਦੁਸ਼ਟ ਲੋਕ ਹਨ, ਜੋ ਗੁਰੂ ਦੀ ਗਲ ਲੋਕਾ ਦੇ ਕੰਨਾ ਵਿਚ ਪੈਣ ਤੋ ਰੋਕਣ ਆ ਗਏ ਹਨ , ਬਾਬਾ ਆਪਣੀ ਲੰਮੀ ਤੇ ਚਿੱਟੀ ਦਾੜ੍ਹੀ ਤੋ ਹੱਥ ਫੇਰਦਿਆ ਬੋਲਿਅਾ ।
ਫੇਰ ਨਿਰਾਸ਼ ਹੋ ਕੇ ਮਨਪ੍ਰੀਤ ਵਾਪਸ ਆ ਗਈ ।ਉਹ ਬਥੇਰਾ ਪੜਨ ਦੀ ਕੋਸ਼ਿਸ਼ ਕਰਦੀ ਰਹੀ ।ਪਰੰਤੂ ਲਾਉਡ ਸਪੀਕਰ ਨੇ ਉਸ ਨੂੰ ਕੁਝ ਵੀ ਯਾਦ ਨਾ ਕਰਨ ਦਿੱਤਾ ।
ਅੰਗਰੇਜ਼ੀ ਦਾ ਪੇਪਰ ਵੀ ਬਹੁਤ ਔਖਾ ਆ ਗਿਆ ਸੀ ।ਉਸ ਨੇ ਪੂਰੀ ਜਮਾਤ ਵਿੱਚੋ ਫਸਟ ਆਉਣ ਦੀ ਧਾਰੀ ਹੋਈ ਸੀ ।ਆਪਣੇ ਗਰੀਬ ਮਾਂ, ਬਾਪ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਸੀ ।ਰਾਤ ਦੀ ਪਰੇਸ਼ਾਨੀ ਕਰਕੇ ਉਸ ਦਾ ਪੇਪਰ ਉਸ ਦੇ ਹਿਸਾਬ ਨਾਲ ਬਹੁਤ ਮਾੜਾ ਹੋਇਆ ।ਉਹ ਘਰ ਆਉਂਦੀ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ ।ਰਾਤ ਨੂੰ ਫਿਰ ਵਿਆਹ ਵਾਲੇ ਘਰ ਡੀ. ਜੇ ਵੱਜ ਰਹੇ ਸਨ ।ਉਸ ਦੇ ਦਿਮਾਗ ਦਾ ਸੰਤੁਲਨ ਵਿਗੜ ਗਿਆ ਤੇ ਉਸ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ।
ਠਾਣੇਦਾਰ ਨੇ ਜਦੋ ਉਸ ਦੀ ਜੇਬ ਵਿੱਚੋ ਸੂਸਾਈਡ ਨੋਟ ਪੜਿਆ, ਜਿਸ ਵਿਚ ਲਿਖਿਆ ਹੋਇਆ ਸੀ, ਮੇਰੀ ਮੌਤ ਦਾ ਕਾਰਨ ਸ਼ੋਰ ਪ੍ਰਦੂਸ਼ਣ ਹੈ । ਮੇਰਾ ਕੋਈ ਅਖੰਡ ਪਾਠ ਨਾ ਕਰਾਇਉ ।ਹੋ ਸਕੇ ਤਾ ਪੇਪਰਾ ਦੇ ਵਿਚ ਸ਼ੋਰ ਪ੍ਰਦੂਸ਼ਣ ਬੰਦ ਕਰਨ ਲਈ ਕੋਈ ਯਤਨ ਕਰਿਉ ।
9877047365
Comments (0)
Facebook Comments (0)